ਗੁਰਦਾਸਪੁਰ, 18 ਜੂਨ 2023- ਪੰਜਾਬ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਵਿਗੜ ਰਹੀ ਹੈ, ਨਸ਼ੇ ਦਾ ਬੋਲਬਾਲਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਸੁੱਤੇ ਪਏ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਗੁਰਦਾਸਪੁਰ ਵਿਖੇ ਇਕ ਮਹਾਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਸ਼ਾਹ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖੇ ਹਮਲੇ ਕੀਤੇ। ਅਮਿਤ ਸ਼ਾਹ ਨੇ ਕਿਹਾ ਕਿ ਭਗਵੰਤ ਮਾਨ ਨੂੰ ਇਕੋ ਕੰਮ ਹੈ ਕਿ ਕੇਜਰੀਵਾਲ ਨੂੰ ਆਪਣੇ ਜਹਾਜ਼ ਵਿੱਚ ਦੇਸ਼ ਦੀ ਸੈਰ ਕਰਵਾਉਣਾ।ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਹਨ ਜਾਂ ਕੇਜਰੀਵਾਲ ਦੇ ਪਾਇਲਟ। ਜੇਕਰ ਕੇਜਰੀਵਾਲ ਨੇ ਚੇਨਈ ਜਾਣਾ ਹੈ ਤਾਂ ਭਗਵੰਤ ਮਾਨ ਜਹਾਜ਼ ਲੈ ਕੇ ਦਿੱਲੀ ਜਾਂਦੇ ਹਨ,ਓਥੋਂ ਕੇਜਰੀਵਾਲ ਨੂੰ ਲੈ ਕੇ ਚੈਨਈ ਜਾਂਦੇ ਹਨ। ਜੇਕਰ ਕੇਜਰੀਵਾਲ ਨੇ ਕੋਲਕਾਤਾ ਜਾਣਾ ਹੈ ਤਾਂ ਭਗਵੰਤ ਮਾਨ ਜਹਾਜ਼ ਲੈ ਕੇ ਪਹਿਲਾਂ ਦਿੱਲੀ ਜਾਂਦੇ ਅਤੇ ਉੱਥੋਂ ਕੇਜਰੀਵਾਲ ਨੂੰ ਲੈ ਕੇ ਕੋਲਕਾਤਾ ਜਾਂਦੇ। ਭਗਵੰਤ ਮਾਨ ਤਾਂ ਕੇਜਰੀਵਾਲ ਦੇ ਪਾਇਲਟ ਬਣੇ ਹੋਏ ਹਨ। ਜਨਤਾ ਨਾਲ਼ ਖੋਖਲੇ ਵਾਅਦੇ ਕਰਨ ਤੋ ਬਾਅਦ ਹੁਣ ਉਹ ਦੂਜੇ ਸੂਬਿਆਂ ਵਿੱਚ ਬੇਲੋੜੀ ਇਸ਼ਤਿਹਾਰਬਾਜ਼ੀ ਕਰਕੇ ਪੰਜਾਬ ਦੇ ਪੈਸੇ ਦੀ ਬਰਬਾਦੀ ਕਰ ਰਹੇ ਹਨ। ਅਮਿਤ ਸ਼ਾਹ ਨੇ ਇਹ ਕਿਹਾ ਕਿ ਮਹਿਲਾਵਾਂ ਨੂੰ ਇਕ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਿੱਥੇ ਗਿਆ। ਗ੍ਰਹਿ ਮੰਤਰੀ ਨੇ ਮੋਦੀ ਸਰਕਾਰ ਦੀਆਂ 9 ਸਾਲ ਦੀਆਂ ਉਪਲਬੱਧੀਆਂ ਵੀ ਗਿਣਾਈਆਂ।