ਕਪੂਰਥਲਾ,13 ਮਈ 2023- ਜ਼ਿਲ੍ਹਾ ਪੁਲਿਸ ਵੱਲੋਂ ਐੱਸਐੱਸਪੀ ਰਾਜਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ’ਤੇ ਥਾਣਾ ਸਿਟੀ ਦੀ ਪੁਲਿਸ ਵੱਲੋਂ ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ 50 ਲੱਖ ਦੀ ਫਿਰੌਤੀ ਮੰਗਣ ਵਾਲੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸਪੀਡੀ ਹਰਵਿੰਦਰ ਸਿੰਘ ਡੱਲੀ ਨੇ ਦੱਸਿਆ ਕਿ ਥਾਣਾ ਸਿਟੀ ਦੇ ਇੰਸਪੈਕਟਰ ਪਲਵਿੰਦਰ ਸਿੰਘ ਨੂੰ ਦਿੱਤੇ ਬਿਆਨਾਂ ’ਚ ਰਮਨ ਕੁਮਾਰ ਪੁੱਤਰ ਰਾਮ ਕ੍ਰਿਸ਼ਨ ਵਾਸੀ ਮੁਹੱਲਾ ਅੰਮ੍ਰਿਤ ਬਾਜ਼ਾਰ ਕਪੂਰਥਲਾ ਨੇ ਦੱਸਿਆ ਕਿ ਉਸ ਮੋਬਾਈਲ ਨੰਬਰ ’ਤੇ 21 ਅਪ੍ਰੈਲ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰ ਕੇ ਕਿਸੇ ਅਣਪਛਾਤੇ ਵਿਅਕਤੀ ਨੇ ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ ਤੇ ਫਿਰੌਤੀ ਨਾ ਦੇਣ ਦੀ ਸੂਰਤ ’ਚ ਉਸ ਦੇ ਲੜਕੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਵੱਖ-ਵੱਖ ਨੰਬਰਾਂ ਤੋਂ ਕਾਲਾਂ ਕਰ ਕੇ ਪੈਸਿਆਂ ਦੀ ਮੰਗ ਕਰਦਾ ਰਿਹਾ ਹੈ। ਐੱਸਪੀ (ਡੀ) ਡੱਲੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਦੇ ਹੋਏ ਤਫਤੀਸ਼ ਅਮਲ ’ਚ ਲਿਆਂਦੀ ਗਈ। ਤਫਤੀਸ਼ ਦੌਰਾਨ ਮਨੀਸ਼ ਗੁਲਾਟੀ ਪੁੱਤਰ ਯਸ਼ਪਾਲ ਗੁਲਾਟੀ ਵਾਸੀ ਮੁਹੱਲਾ ਕਸਬਾ ਕਪੂਰਥਲਾ ਹਾਲ ਵਾਸੀ ਮੁਹੱਲਾ ਗੁਰੂ ਨਾਨਕ ਨਗਰ ਕਪੂਰਥਲਾ ਥਾਣਾ ਸਿਟੀ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਗਿਆ।
ਉਸ ਨੇ ਦੱਸਿਆ ਕਿ ਉਸ ਦਾ ਦੋਸਤ ਗੌਤਮ ਅਰੋੜਾ ਪੁੱਤਰ ਰਾਜਨ ਅਰੋੜਾ ਵਾਸੀ ਮੁਹੱਲਾ ਹਕੀਮ ਜਾਫਰ ਅਲੀ ਥਾਣਾ ਸਿਟੀ ਕਪੂਰਥਲਾ ਜੋ ਇੰਗਲੈਂਡ ’ਚ ਹੈ ਤੇ ਦੂਸਰਾ ਦੋਸਤ ਮਨੀ ਪੁੱਤਰ ਬਾਲ ਕ੍ਰਿਸ਼ਨ ਡੋਗਰਾ ਵਾਸੀ ਸੁਲਤਾਨਪੁਰ ਲੋਧੀ ਜੋ ਹੁਣ ਪੁਰਤਗਾਲ ’ਚ ਹੈ ਇਸ ਸਾਜ਼ਿਸ਼ ਦਾ ਹਿੱਸਾ ਹਨ। ਗੌਤਮ ਅਰੋੜਾ ਮਾਸਟਰ ਮਾੲੀਂਡ ਹੈ। ਗੌਤਮ ਦੇ ਕਹਿਣ ’ਤੇ ਹੀ ਉਸ ਨੇ ਆਪਣੇ ਦੋਸਤ ਮਨੀ ਪੁਰਤਗਾਲ ਤੋਂ ਵੱਟਸਐਪ ਨੰਬਰ ਇੰਗਲੈਂਡ ਭੇਜਿਆ ਸੀ। ਪੁਰਤਗਾਲ ਵਾਲੇ ਨੰਬਰ ਤੋਂ ਗੌਤਮ ਨੇ ਰਮਨ ਕੁਮਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆ ਦਿੱਤੀਆਂ ਤੇ ਪੈਸੇ ਮੰਗੇ। ਉਸ ਕੋਲੋਂ ਹੋਰ ਪੁੱਛਗਿੱਛ ਜਾਰੀ ਹੈ।