ਸਮਾਣਾ, ਦਸੰਬਰ 2023 – ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬੁੱਧਵਾਰ ਨੂੰ ਸਮਾਣਾ ਵਿਖੇ ਬਣਨ ਵਾਲੇ ਨਵੇਂ ਤੇ ਅਤਿ-ਆਧੁਨਿਕ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਬੱਸ ਅੱਡੇ ਲਈ ਕਰੀਬ ਸਵਾ 6 ਕਰੋੜ ਰੁਪਏ ਭੇਜ ਕੇ ਸਮਾਣਾ ਸ਼ਹਿਰ ਨਿਵਾਸੀਆਂ ਤੇ ਆਸ-ਪਾਸ ਦੇ ਇਲਾਕਿਆਂ ਦੀਆਂ ਸਵਾਰੀਆਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਹੈ।
ਕੈਬਨਿਟ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵੀ ਬਹੁਤ ਵਾਰ ਇਸ ਬੱਸ ਅੱਡੇ ਦੇ ਨਵੀਨੀਕਰਨ ਦਾ ਲਾਅਰਾ ਲਾਇਆ ਸੀ ਪਰੰਤੂ ਕਿਸੇ ਨੇ ਕੋਈ ਫੰਡ ਨਹੀਂ ਭੇਜਿਆ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮੌਜੂਦਾ ਆਪ ਸਰਕਾਰ ਨੇ ਗ੍ਾਂਟ ਜਾਰੀ ਕਰ ਦਿੱਤੀ ਹੈ ਅਤੇ ਅਗਲੇ 6 ਮਹੀਨਿਆਂ ਵਿੱਚ ਇਹ ਬੱਸ ਅੱਡਾ ਬਣਕੇ ਤਿਆਰ ਹੋ ਜਾਵੇਗਾ।
ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਸਮਾਣਾ ਦੇ ਪੁਰਾਣੇ ਬੱਸ ਅੱਡੇ ਦੀ ਕਰੀਬ ਪੌਣੇ 2 ਏਕੜ ਜਮੀਨ ‘ਚ ਨਵਾਂ ਤੇ ਅਤਿ-ਆਧੁਨਿਕ ਬੱਸ ਅੱਡਾ ਬਣਾਇਆ ਜਾ ਰਿਹਾ ਹੈ ਅਤੇ ਇੱਥੇ ਘੱਟੋ-ਘੱਟ ਜਗ੍ਹਾ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਇਸਦੇ ਪੁਰਾਣੇ ਢਾਂਚੇ ਤੋਂ ਵੀ ਕੰਮ ਲਿਆ ਜਾਵੇਗਾ। ਉਨਾਂ੍ਹ ਦੱਸਿਆ ਕਿ ਇਥੇ ਪਾਣੀ ਦੀ ਨਿਕਾਸੀ, ਨਵੀਂਆਂ ਦੁਕਾਨਾਂ, ਬੱਸਾਂ ਸਮੇਤ ਸਵਾਰੀਆਂ ਦੇ ਸਕੂਟਰਾਂ ਤੇ ਕਾਰਾਂ ਆਦਿ ਦੀ ਪਾਰਕਿੰਗ ਤੋਂ ਇਲਾਵਾ ਛੱਤ ‘ਤੇ ਸੋਲਰ ਸਿਸਟਮ ਤੇ ਰੇਨ ਵਾਟਰ ਹਾਰਵੈਸਟਿੰਗ ਪ੍ਰਣਾਲੀ ਵੀ ਲਗਾਈ ਜਾਵੇਗੀ।
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨਾਂ੍ਹ ਕੋਲ, ਜਲ ਸਰੋਤ, ਖਨਣ ਤੇ ਭੂ-ਵਿਗਿਆਨ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਬਾਰੇ ਵਿਭਾਗ ਵੀ ਹਨ, ਨੇ ਕਿਹਾ ਕਿ ਸਮਾਣਾ ਦਾ ਬੱਸ ਅੱਡਾ ਸ਼ਹਿਰ ਤੋਂ ਬਾਹਰ ਲਿਜਾਣ ਲਈ ਜ਼ਮੀਨ ਵੀ ਦੇਖੀ ਗਈ ਸੀ ਪਰੰਤੂ ਸਵਾਰੀਆਂ ਦੀ ਸਹੂਲਤ ਅਤੇ ਸ਼ਹਿਰ ਦੇ ਬਾਜ਼ਾਰਾਂ ਦੇ ਦੁਕਾਨਦਾਰਾਂ ਦੇ ਵਪਾਰ ਨੂੰ ਦੇਖਦਿਆਂ ਹੋਇਆ ਇੱਥੇ ਪੁਰਾਣੇ ਬੱਸ ਅੱਡੇ ਵਿਖੇ ਹੀ ਨਵਾਂ ਬੱਸ ਅੱਡਾ ਬਣਾਉਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ, ਓਐੱਸਡੀ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਐੱਸਡੀਐੱਮ ਚਰਨਜੀਤ ਸਿੰਘ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਬਰਜਿੰਦਰ ਸਿੰਘ,ਕੌਂਸਲਰ ਦਰਸ਼ਨ ਮਿੱਤਲ, ਜਤਿੰਦਰ ਝੰਡ, ਡਾ ਸੁਰਜੀਤ ਸਿੰਘ ਦਈਆ , ਦੀਪਕ ਵਧਵਾ, ਨਿਰਭੈ ਸਿੰਘ,ਅ੍ਮਿਤ ਧਾਲੀਵਾਲ, ਰਾਣਾ ਵਿਰਕ, ਜਸਪਾਲ ਸਿੰਘ, ਗੁਰਪਿਆਰ ਸਿੰਘ, ਸ਼ਾਮ ਲਾਲ ਵੜੈਚਾਂ ,ਸੁਨੈਨਾ ਮਿੱਤਲ, ਯੂਥ ਪ੍ਰਧਾਨ ਪਾਰਸ ਸ਼ਰਮਾ, ਗੋਪਾਲ ਗਰਗ, ਸੰਦੀਪ ਲੂੰਬਾ ਤੇ ਸੰਜੂ ਕਕਰਾਲਾ ਸਮੇਤ ਕੌਂਸਲਰ ਅਤੇ ਸ਼ਹਿਰ ਦੇ ਹੋਰ ਪਤਵੰਤੇ ਵੀ ਮੌਜੂਦ ਸਨ।