ਅੰਮ੍ਰਿਤਸਰ, 08 ਨਵੰਬਰ 2023- ਕਟੜਾ ਸ਼ੇਰ ਸਿੰਘ ਵਿਚ ਦਵਾਈ ਮਾਰਕੀਟ ਦੇ ਦੁਕਾਨਦਾਰ ਤੋਂ 6 ਨਕਾਬਪੋਸ਼ ਲੁਟੇਰੇ 10 ਲੱਖ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ। ਇਹ ਘਟਨਾ ਸੋਮਵਾਰ ਰਾਤ ਕਰੀਬ 10.45 ਵਜੇ ਉਸ ਸਮੇਂ ਵਾਪਰੀ ਜਦੋਂ ਦੁਕਾਨਦਾਰ ਦੁਕਾਨ ਬੰਦ ਕਰ ਕੇ ਘਰ ਪਰਤ ਰਿਹਾ ਸੀ। ਇਸੇ ਦੌਰਾਨ ਛੇ ਨਕਾਬਪੋਸ਼ ਲੁਟੇਰੇ ਦੁਕਾਨ ’ਚ ਆ ਵੜੇ। ਸਾਰੇ ਲੁਟੇਰਿਆਂ ਕੋਲ ਪਿਸਤੌਲ ਸਨ। ਲੁਟੇਰਿਆਂ ਨੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਪਰ ਸਾਰੀ ਵਾਰਦਾਤ ਇਕ ਕੈਮਰੇ ਵਿਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੁਕਾਨ ’ਤੇ ਲਗਾਇਆ ਡੀਵੀਆਰ ਜ਼ਬਤ ਕਰ ਲਿਆ ਹੈ ਤਾਂ ਜੋ ਲੁਟੇਰਿਆਂ ਦੀ ਪਛਾਣ ਕਰ ਕੇ ਕਾਬੂ ਕੀਤਾ ਜਾ ਸਕੇ।
ਕਟੜਾ ਸ਼ੇਰ ਸਿੰਘ ਸਥਿਤ ਐੱਨਵੀ ਸਰਜ਼ੀ ਫਾਰਮਾ ਦੇ ਮਾਲਕ ਅਮਿਤ ਕੁਮਾਰ ਦਾ ਕਹਿਣਾ ਹੈ ਕਿ ਉਹ ਸੋਮਵਾਰ ਰਾਤ 10.45 ਵਜੇ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ। ਜਦੋਂ ਉਹ ਦੁਕਾਨ ਦੇ ਬਾਹਰ ਪਿਆ ਸਾਮਾਨ ਅੰਦਰ ਰੱਖ ਰਿਹਾ ਸੀ ਤਾਂ ਛੇ ਨਕਾਬਪੋਸ਼ ਲੁਟੇਰੇ ਉਸ ਦੀ ਦੁਕਾਨ ਅੰਦਰ ਦਾਖ਼ਲ ਹੋ ਗਏ। ਦੁਕਾਨ ਵਿਚ ਛੇ ਵਿਅਕਤੀ ਕੰਮ ਕਰ ਰਹੇ ਸਨ। ਜਿਵੇਂ ਹੀ ਲੁਟੇਰੇ ਦੁਕਾਨ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਨੇ ਪਿਸਤੌਲ ਤਾਣ ਕੇ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਤੋੜ ਦਿੱਤੇ। ਸ਼ੈੱਡ ਦੇ ਉੱਪਰਲੇ ਹਿੱਸੇ ’ਤੇ ਕੈਮਰਾ ਲੱਗਿਆ ਹੋਇਆ ਸੀ ਜਿੱਥੇ ਲੁਟੇਰਿਆਂ ਦੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਸੀ। ਲੁਟੇਰਿਆਂ ਨੇ ਦੁਕਾਨ ’ਤੇ ਬੈਠੇ ਹਰ ਮੁਲਾਜ਼ਮ ਦੀਆਂ ਜੇਬਾਂ ’ਚੋਂ ਪੈਸੇ ਕੱਢ ਲਏ। ਇਸ ਤੋਂ ਬਾਅਦ ਉਨ੍ਹਾਂ ਕੋਲੋਂ ਚਾਰ ਦੇ ਕਰੀਬ ਮੋਬਾਈਲ ਵੀ ਖੋਹ ਲਏ। ਬਾਅਦ ਵਿਚ ਲੁਟੇਰਿਆਂ ਨੇ ਬੈਗ ਵਿੱਚੋਂ ਪੈਸੇ ਕੱਢਣ ਲਈ ਕਿਹਾ। ਬੈਗ ਵਿੱਚ 10 ਲੱਖ ਰੁਪਏ ਤੋਂ ਵੱਧ ਸਨ, ਜੋ ਉਸ ਦੀ ਇਕ ਦਿਨ ਦੀ ਵਿਕਰੀ ਸੀ। ਲੁਟੇਰਿਆਂ ਨੇ ਸਾਰੇ ਪੈਸੇ ਇਕ ਥੈਲੇ ਵਿਚ ਭਰ ਲਏ। ਉਸ ਨੇ ਦੱਸਿਆ ਕਿ ਛੇ ਲੁਟੇਰਿਆਂ ਵਿਚੋਂ ਇਕ ਉਸ ਦੇ ਭਰਾ ਨਿਤਿਨ ਨੂੰ ਗੋਲੀ ਮਾਰਨ ਲਈ ਕਹਿ ਰਿਹਾ ਸੀ।
ਦੁਕਾਨਦਾਰ ਨਿਤਿਨ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਡੇ-ਵੱਡੇ ਦਾਅਵੇ ਕਰਦਾ ਹੈ ਕਿ ਸੁਰੱਖਿਆ ਪ੍ਰਬੰਧ ਸਖ਼ਤ ਹਨ ਪਰ ਫਿਰ ਵੀ ਇਹ ਸਭ ਕੁਝ ਵਾਪਰਿਆ। ਉਹ ਸਰਕਾਰ ਨੂੰ ਟੈਕਸ ਅਦਾ ਕਰਦੇ ਹਨ ਪਰ ਫਿਰ ਵੀ ਕੋਈ ਵੀ ਉਨ੍ਹਾਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਸੁਰੱਖਿਆ ਨਹੀਂ ਦੇ ਸਕਦਾ ਤਾਂ ਉਨ੍ਹਾਂ ਨੂੰ ਸ਼ਹਿਰ ਛੱਡਣਾ ਪਵੇਗਾ।
ਥਾਣਾ ਸਦਰ ਦੇ ਇੰਚਾਰਜ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਡੀਵੀਆਰ ਜ਼ਬਤ ਕਰ ਲਿਆ ਗਿਆ ਹੈ ਅਤੇ ਲੁਟੇਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਫੜ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਇਸੇ ਦੁਕਾਨ ’ਤੇ ਚੋਰੀ ਦੀ ਘਟਨਾ ਵਾਪਰੀ ਸੀ। ਚੋਰੀ ਦੀ ਵਾਰਦਾਤ ਨੂੰ ਦੁਕਾਨ ਦੇ ਮੁਲਾਜ਼ਮਾਂ ਨੇ ਹੀ ਅੰਜਾਮ ਦਿੱਤਾ ਹੈ। ਦੁਕਾਨਦਾਰ ਨੇ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ ਅਤੇ ਉਸ ਤੋਂ ਹਿਸਾਬ-ਕਿਤਾਬ ਕਰਵਾਉਣ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਉਹ ਕਰਮਚਾਰੀ ਵੀ ਇਸ ਘਟਨਾ ਵਿਚ ਸ਼ਾਮਲ ਹਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਲੁਟੇਰੇ ਲੋਹਗੜ੍ਹ ਵੱਲ ਭੱਜ ਗਏ ਸਨ। ਪੁਲਿਸ ਨੇ ਦੋ ਮੋਬਾਈਲ ਫੋਨ ਵੀ ਟਰੇਸ ਕੀਤੇ ਸਨ, ਜਿਨ੍ਹਾਂ ਵਿੱਚੋਂ ਆਖਰੀ ਲੋਕੇਸ਼ ਕਿਲ੍ਹਾ ਗੋਬਿੰਦਗੜ੍ਹ ਨੇੜੇ ਮਿਲੇ ਸਨ।