Monday, December 23, 2024
Google search engine
HomePunjabਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਲਟੀਮੇਟਮ ਤੇ ਪੰਜਾਬ ਸਰਕਾਰ ਪੈਣ ਲੱਗੀ...

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਅਲਟੀਮੇਟਮ ਤੇ ਪੰਜਾਬ ਸਰਕਾਰ ਪੈਣ ਲੱਗੀ ਨਰਮ, ਹਿਰਾਸਤ ‘ਚ ਲਏ 360 ਵਿੱਚੋਂ 348 ਨੌਜਵਾਨ ਕੀਤੇ ਰਿਹਾਅ

ਅੰਮ੍ਰਿਤਸਰ, 30 ਮਾਰਚ 2023- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਰਕਾਰ ਨੂੰ ਫੜੇ ਬੇਕਸੂਰ ਸਿੱਖ ਨੌਜਵਾਨਾਂ ਨੂੰ 24 ਘੰਟਿਆਂ ਦੇ ਅੰਦਰ ਰਿਹਾਅ ਕਰਨ ਦੇ ਦਿੱਤੇ ਅਲਟੀਮੇਟਮ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਅਤੇ ਜੱਥੇਦਾਰ ਸਾਹਿਬ ਦਰਮਿਆਨ ਕਾਫੀ ਸ਼ਬਦੀ ਤਕਰਾਰ ਹੋ ਗਈ ਸੀ ਪਰੰਤੂ ਬਾਅਦ ਵਿੱਚ ਪੰਜਾਬ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ ਜਾਣਕਾਰੀ ਭੇਜ ਕੇ 348 ਨੌਜਵਾਨਾਂ ਨੂੰ ਰਿਹਾਅ ਕਰਨ ਦੀ ਜਾਣਕਾਰੀ ਦਿੱਤੀ ਹੈ |

ਪ੍ਰੈਸ ਨਾਲ ਗੱਲਬਾਤ ਕਰਦਿਆਂ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਢੱਡੇ ਨੇ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਜਾਣਕਾਰੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਪਿਛਲੇ ਦਿਨੀਂ ਧਾਰਾ 107/51 ਤਹਿਤ ਕੁੱਲ 360 ਨੌਜਵਾਨ ਗਿ੍ਫ਼ਤਾਰ ਕੀਤੇ ਸਨ, ਜਿਨ੍ਹਾਂ ‘ਚੋਂ 348 ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ | ਇਸ ਧਾਰਾ ਤਹਿਤ ਗਿ੍ਫ਼ਤਾਰ ਅਜੇ 12 ਨੌਜਵਾਨ ਰਿਹਾਅ ਹੋਣੇ ਬਾਕੀ ਹਨ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅਸਲਾ ਐਕਟ, ਅਜਨਾਲਾ ਹਿੰਸਾ ਮਾਮਲੇ ਅਤੇ ਐਨ. ਐਸ. ਏ. ਤਹਿਤ ਗਿ੍ਫ਼ਤਾਰ ਕੀਤੇ ਸਿੱਖ ਨੌਜਵਾਨਾਂ ਬਾਰੇ ਅਜੇ ਤੱਕ ਸਰਕਾਰ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ।

ਪਿਛਲੇ ਦਿਨਾਂ ਵਿਚ ਗਿ੍ਫ਼ਤਾਰ ਕੀਤੇ ਸਿੱਖ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗਿ੍ਫ਼ਤਾਰ ਨੌਜਵਾਨਾਂ ਬਾਰੇ ਪੂਰੀ ਜਾਣਕਾਰੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤੁਰੰਤ ਭੇਜਣ ਤਾਂ ਜੋ ਉਨ੍ਹਾਂ ਦੀ ਰਿਹਾਈ ਸੰਬੰਧੀ ਯਤਨ ਕੀਤੇ ਜਾ ਸਕਣ । ਉਨ੍ਹਾਂ ਨੇ ਪਿਛਲੇ ਦਿਨੀਂ ਪੁਲਿਸ ਵਲੋਂ ਜਿਨ੍ਹਾਂ ਦੇ ਵਾਹਨਾਂ ਦੀ ਤੋੜ ਫੋੜ ਕੀਤੀ ਗਈ, ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ਾਤ ਤੇ ਹੋਰ ਵੇਰਵੇ ਲੈ ਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪਰਕ ਕਰਨ ਤਾਂ ਕਿ ਯੂ. ਕੇ. ਦੀ ਇਕ ਸਿੱਖ ਸੰਸਥਾ, ਜੋ ਨੁਕਸਾਨੇ ਵਾਹਨਾਂ ਨੂੰ ਠੀਕ ਕਰਾਉਣ ਸੰਬੰਧੀ ਆਰਥਿਕ ਸਹਾਇਤਾ ਦੇਣਾ ਚਾਹੁੰਦੀ ਹੈ, ਨੂੰ ਵੇਰਵੇ ਭੇਜੇ ਜਾ ਸਕਣ । ਸਮਝਿਆ ਜਾ ਰਿਹਾ ਹੈ ਕਿ ਜਥੇਦਾਰ ਵਲੋਂ ਅਲਟੀਮੇਟਮ ਖ਼ਤਮ ਤੋਂ ਬਾਅਦ ਸਰਕਾਰ ਦੀਆਂ ਨੀਤੀਆਂ ਵਿਰੁੱਧ ਸੰਘਰਸ਼ ਆਰੰਭਣ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਤੇ ਜਾਣ ਵਾਲੇ ਪ੍ਰੋਗਰਾਮ ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ ।

RELATED ARTICLES
- Advertisment -
Google search engine

Most Popular

Recent Comments