ਭਵਾਨੀਗੜ੍ਹ,9 ਅਪ੍ਰੈਲ 2023- ਐਤਵਾਰ ਬਾਅਦ ਦੁਪਹਿਰ ਇੱਥੇ ਪੁਲਿਸ ਥਾਣੇ ‘ਚ ਉਸ ਸਮੇਂ ਭਾਜੜ ਮੱਚ ਗਈ ਜਦੋਂ ਵੱਖ-ਵੱਖ ਮਾਮਲਿਆਂ ‘ਚ ਥਾਣੇ ਅੰਦਰ ਪਿਛਲੀ ਸਾਈਡ ਖੜ੍ਹੇ ਵਾਹਨਾਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀ ਇਸ ਘਟਨਾ ਵਿੱਚ ਉੱਥੇ ਖੜ੍ਹੀਆਂ 2 ਕਾਰਾਂ ਨੁਕਸਾਨੀਆਂ ਗਈਆਂ। ਮੌਕੇ ’ਤੇ ਹਾਜ਼ਰ ਲੋਕਾਂ ਤੇ ਪੁਲਿਸ ਮੁਲਾਜ਼ਮਾਂ ਨੇ ਭਾਰੀ ਜੱਦੋਜਹਿਦ ਮਗਰੋਂ ਅੱਗ ‘ਤੇ ਕਾਬੂ ਪਾਇਆ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣੇ ਦੇ ਮੁੱਖ ਮੁਨਸ਼ੀ ਕਰਨ ਸਿੰਘ ਨੇ ਦੱਸਿਆ ਕਿ ਥਾਣੇ ਦੇ ਪਿਛਲੇ ਪਾਸੇ ਵੱਖ-ਵੱਖ ਮਾਮਲਿਆਂ ‘ਚ ਆਏ ਵਾਹਨ ਵੱਡੀ ਗਿਣਤੀ ਵਿਚ ਖੜ੍ਹੇ ਸਨ ਤੇ ਜਿਨ੍ਹਾਂ ਨੂੰ ਅੱਜ ਅਚਾਨਕ ਅੱਗ ਲੱਗ ਗਈ ਤੇ ਅੱਗ ਨਾਲ ਦੋ ਕਾਰਾਂ ਦਾ ਕਾਫੀ ਨੁਕਸਾਨ ਹੋ ਗਿਆ। ਉਨ੍ਹਾਂ ਖਦਸ਼ਾ ਜਤਾਇਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋ ਸਕਦਾ ਹੈ। ਥਾਣੇ ਅੰਦਰ ਅੱਗ ਲੱਗਣ ਦਾ ਜਿਵੇਂ ਹੀ ਪਤਾ ਲੱਗਿਆ ਤਾਂ ਥਾਣੇ ਅੱਗੇ ਧਰਨਾ ਦੇ ਰਹੇ ਕਿਸਾਨ ਪੁਲਿਸ ਕਰਮਚਾਰੀਆਂ ਨਾਲ ਅੱਗ ਨੂੰ ਬੁਝਾਉਣ ਵਿਚ ਜੁੱਟ ਗਏ। ਕਾਫ਼ੀ ਜੱਦੋਜਹਿਦ ਕਰਕੇ ਅੱਗ ਨੂੰ ਅੱਗੇ ਵਧਣ ਤੋਂ ਰੋਕ ਕੇ ਰੱਖਿਆ ਤੇ ਬਾਅਦ ਵਿਚ ਤਕਰੀਬਨ ਇੱਕ ਘੰਟੇ ਮਗਰੋਂ ਸੰਗਰੂਰ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਪੂਰੀ ਤਰਾਂ ਅੱਗ ਨੂੰ ਬੁਝਾਇਆ।