ਅੰਮ੍ਰਿਤਸਰ : ਜੇਲ੍ਹ ਅਧਿਕਾਰੀਆਂ ਨੇ ਸ਼ਨਿਚਰਵਾਰ ਰਾਤ ਨੂੰ ਵਿਦੇਸ਼ ਭੱਜ ਗਏ ਖ਼ਤਰਨਾਕ ਗੈਂਗਸਟਰ ਸੁਪ੍ਰੀਤ ਸਿੰਘ ਉਰਫ਼ ਹੈਰੀ ਚੱਠਾ ਦੇ ਸਾਥੀ ਖ਼ਤਰਨਾਕ ਗੈਂਗਸਟਰ ਸੰਨੀ ਯਾਮਹਾ ਦੇ ਕਬਜ਼ੇ ’ਚੋਂ ਇਕ ਟੱਚ ਸਕਰੀਨ ਮੋਬਾਈਲ ਬਰਾਮਦ ਕੀਤਾ ਹੈ। ਇਸਲਾਮਾਬਾਦ ਥਾਣੇ ਦੀ ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਮੋਬਾਈਲ ਬਰਾਮਦ ਕਰ ਕੇ ਜਾਂਚ ਲਈ ਭੇਜ ਦਿੱਤਾ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਮੋਬਾਈਲ ਜੇਲ੍ਹ ਦੇ ਅੰਦਰ ਕਿਵੇਂ ਪਹੁੰਚਿਆ ਤੇ ਕਿਸ ਵਿਅਕਤੀ ਦੁਆਰਾ ਇਸ ਦੀ ਡਲਿਵਰੀ ਕੀਤੀ ਗਈ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਜੇਲ੍ਹ ਦੇ ਅੰਦਰ ਰਹਿੰਦਿਆਂ ਸੰਨੀ ਯਾਮਾ ਕਿਸ ਦੇ ਸੰਪਰਕ ਵਿਚ ਸੀ। ਫਤਾਹਪੁਰ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਾਹਿਬ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਏਅਰ ਲੈਂਡ ਕਾਲੋਨੀ ਦੇ ਰਹਿਣ ਵਾਲੇ ਰਣਜੋਧ ਸਿੰਘ ਉਰਫ਼ ਸੰਨੀ ਯਾਮਹਾ ਦੇ ਕਬਜ਼ੇ ’ਚੋਂ ਮੋਬਾਈਲ ਬਰਾਮਦ ਕਰ ਲਿਆ।
ਪੁਲਿਸ ’ਤੇ ਗੋਲ਼ੀ ਚਲਾਉਣ ਦੇ ਮਾਮਲੇ ’ਚ ਅਦਾਲਤ ਨੇ ਕੀਤਾ ਹੈ ਬਰੀ
22 ਮਾਰਚ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਖ਼ਤਰਨਾਕ ਗੈਂਗਸਟਰ ਸੰਨੀ ਯਾਮਹਾ, ਉਸ ਦੇ ਹੈਂਡਲਰ ਹੈਰੀ ਚੱਠਾ (ਪੁਲਿਸ ਨੂੰ ਲੋੜੀਂਦਾ) ਅਤੇ ਉਸ ਦੇ ਪੰਜ ਸਾਥੀਆਂ ਨੂੰ ਬਰੀ ਕਰ ਦਿੱਤਾ ਸੀ। ਸਾਲ 2016 ’ਚ ਮੁਲਜ਼ਮਾਂ ਨੇ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖ਼ਲ ਹੋ ਕੇ ਆਪਣੇ ਸਾਥੀ ਨੂੰ ਪੁਲਿਸ ਹਿਰਾਸਤ ’ਚੋਂ ਛੁਡਾਉਣ ਲਈ ਪੁਲਿਸ ’ਤੇ ਗੋਲ਼ੀਆਂ ਚਲਾਈਆਂ ਸਨ। ਇਸ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਕੇਸ ਦਰਜ ਕਰ ਲਿਆ ਸੀ। ਪਰ ਪੁਲਿਸ ਨੇ ਮਾਮਲੇ ਦੀ ਸਖ਼ਤੀ ਨਾਲ ਪੈਰਵੀ ਨਾ ਕੀਤੇ ਜਾਣ ’ਤੇ ਸਾਰੇ ਮੁਲਜ਼ਮ ਬਰੀ ਹੋ ਗਏ। ਪਰ ਫਰਾਰ ਹੈਰੀ ਚੱਠਾ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ।
ਵਿਚਾਰ ਅਧੀਨ ਕੈਦੀ ਤੋਂ ਨਸ਼ੀਲਾ ਪਦਾਰਥ ਬਰਾਮਦ
ਜੇਲ੍ਹ ਮੁਲਾਜ਼ਮਾਂ ਨੇ ਫਤਾਹਪੁਰ ਜੇਲ੍ਹ ’ਚ ਬੰਦ ਪ੍ਰਭਜੋਤ ਸਿੰਘ ਦੇ ਕਬਜ਼ੇ ਵਿਚੋਂ 30 ਗ੍ਰਾਮ ਸ਼ੱਕੀ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਮੁਲਜ਼ਮ ਪ੍ਰਭਜੋਤ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਹਰੀਕੇ ਇਲਾਕੇ ਦਾ ਰਹਿਣ ਵਾਲਾ ਹੈ। ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।