Home Punjab ਜਲੰਧਰ ਦੇ ਟਾਵਰ ਇਨਕਲੇਵ ‘ਚ ਵਾਪਰੀ ਵੱਡੀ ਘਟਨਾ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੱਤਿਆ

ਜਲੰਧਰ ਦੇ ਟਾਵਰ ਇਨਕਲੇਵ ‘ਚ ਵਾਪਰੀ ਵੱਡੀ ਘਟਨਾ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੱਤਿਆ

0
ਜਲੰਧਰ ਦੇ ਟਾਵਰ ਇਨਕਲੇਵ ‘ਚ ਵਾਪਰੀ ਵੱਡੀ ਘਟਨਾ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੱਤਿਆ

ਜਲੰਧਰ, 20 ਅਕਤੂਬਰ 2023- ਥਾਣਾ ਲਾਂਬੜਾ ਅਧੀਨ ਪੈਂਦੇ ਟਾਵਰ ਇਨਕਲੇਵ ਫੇਜ਼-3 ’ਚ ਜਾਇਦਾਦ ਦੇ ਝਗੜੇ ’ਚ ਇਕ ਵਿਅਕਤੀ ਨੇ ਆਪਣੇ ਪਿਤਾ, ਮਾਂ ਤੇ ਭਰਾ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਵੀਰਵਾਰ ਦੇਰ ਰਾਤ ਅੰਜਾਮ ਦਿੱਤੀ ਗਈ ਇਸ ਵਾਰਦਾਤ ਨਾਲ ਕਾਲੋਨੀ ’ਚ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਬਲਬੀਰ ਸਿੰਘ, ਥਾਣਾ ਲਾਂਬੜਾ ਦੇ ਇੰਚਾਰਜ ਇੰਸਪੈਕਟਰ ਅਮਨ ਸੈਣੀ, ਥਾਣਾ ਕਰਤਾਰਪੁਰ ਦੇ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ। ਮ੍ਰਿਤਕਾਂ ਦੀ ਪਛਾਣ ਸੁਰੱਖਿਆ ਗਾਰਡ ਜਗਬੀਰ ਸਿੰਘ, ਉਸ ਦੀ ਪਤਨੀ ਅੰਮ੍ਰਿਤਪਾਲ ਕੌਰ ਤੇ ਪੁੱਤਰ ਗਗਨਦੀਪ ਸਿੰਘ ਵਜੋਂ ਹੋਈ ਹੈ। ਜਦਕਿ ਹਮਲਾਵਰ ਹਰਪ੍ਰੀਤ ਸਿੰਘ ਜਗਬੀਰ ਸਿੰਘ ਦਾ ਛੋਟਾ ਪੁੱਤਰ ਹੈ।

ਡੀਐੱਸਪੀ ਬਲਵੀਰ ਸਿੰਘ ਨੇ ਦੱਸਿਆ ਕਿ ਬੈਂਕ ’ਚ ਸਕਿਓਰਿਟੀ ਗਾਰਡ ਵਜੋਂ ਤਾਇਨਾਤ ਜਗਬੀਰ ਸਿੰਘ ਦੇ ਦੋ ਪੁੱਤਰ ਗਗਨਦੀਪ ਸਿੰਘ ਤੇ ਹਰਪ੍ਰੀਤ ਸਿੰਘ ਹਨ। ਹਰਪ੍ਰੀਤ ਮਕਾਨ ਆਪਣੇ ਨਾਂ ਕਰਵਾਉਣ ਲਈ ਅਕਸਰ ਮਾਂ ਅੰਮ੍ਰਿਤਪਾਲ ਕੌਰ ਤੇ ਪਿਤਾ ਜਗਬੀਰ ਸਿੰਘ ਨਾਲ ਝਗੜਾ ਸੀ। ਵੀਰਵਾਰ ਨੂੰ ਦੁਪਹਿਰ ਤੋਂ ਹੀ ਉਹ ਭਰਾ, ਮਾਂ ਤੇ ਪਿਤਾ ਨਾਲ ਲੜ ਰਿਹਾ ਸੀ। ਇਲਾਕੇ ਦੇ ਲੋਕਾਂ ਮੁਤਾਬਕ ਦੋ ਵਾਰ ਉਨ੍ਹਾਂ ਘਰ ਜਾ ਕੇ ਮਾਮਲਾ ਸ਼ਾਂਤ ਕਰਵਾਇਆ। ਪਰ ਦੇਰ ਰਾਤ ਘਰ ’ਚੋਂ ਗੋਲ਼ੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਲੋਕ ਉਨ੍ਹਾਂ ਦੇ ਘਰ ਦੇ ਬਾਹਰ ਪੁੱਜੇ ਤਾਂ ਖੂਨ ਨਾਲ ਲੱਥਪੱਥ ਹਰਪ੍ਰੀਤ ਸਿੰਘ ਹੱਥ ’ਚ ਰਾਈਫਲ ਫੜੀ ਤੇਜ਼ ਰਫਤਾਰ ਨਾਲ ਬਾਹਰ ਭੱਜ ਰਿਹਾ ਸੀ। ਲੋਕਾਂ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਜਗਬੀਰ ਸਿੰਘ, ਉਸ ਦੀ ਪਤਨੀ ਅੰਮ੍ਰਿਤਪਾਲ ਤੇ ਗਗਨਦੀਪ ਸਿੰਘ ਦੀਆਂ ਲਾਸ਼ਾਂ ਅੰਦਰ ਪਈਆਂ ਸਨ। ਲੋਕਾਂ ਨੇ ਹੀ ਪੁਲਿਸ ਨੂੰ ਸੂੁਚਨਾ ਦਿੱਤੀ।

ਡੀਐੱਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਪਤਾ ਲੱਗਿਆ ਹੈ ਕਿ ਹਰਪ੍ਰੀਤ ਦੇ ਪਿਤਾ ਦੀ .22 ਬੋਰ ਦੀ ਰਾਈਫ਼ਲ ’ਚੋਂ ਕੁਲ 10 ਰਾਊਂਡ ਫਾਇਰ ਕੀਤੇ ਗਏ। ਇਨ੍ਹਾਂ ’ਚੋਂ ਚਾਰ ਗੋਲ਼ੀਆਂ ਉਸ ਦੇ ਪਿਤਾ ਦੀ ਛਾਤੀ ’ਚ ਲੱਗੀਆਂ ਹਨ। ਜਦਕਿ ਦੋ ਗੋਲ਼ੀਆਂ ਉਸ ਦੀ ਮਾਂ ਦੀ ਗਰਦਨ ਤੇ ਢਿੱਡ ’ਚ ਲੱਗੀਆਂ ਹਨ। ਦੋ ਗੋਲ਼ੀਆਂ ਭਰਾ ਦੀ ਛਾਤੀ ’ਚ ਲੱਗੀਆਂ।

ਡੀਐੱਸਪੀ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਮੁਲਜ਼ਮ ਕਿਤੇ ਲੁਕਿਆ ਹੋਇਆ ਹੈ ਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਹਾਲਾਂਕਿ ਪੁਲਿਸ ਸੂਤਰਾਂ ਮੁਤਾਬਕ ਹਰਪ੍ਰੀਤ ਵਾਰਦਾਤ ਤੋਂ ਬਾਅਦ ਖ਼ੁਦ ਥਾਣੇ ਪੇਸ਼ ਹੋ ਗਿਆ ਸੀ ਤੇ ਪੁਲਿਸ ਨੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਹੈ।