ਜਲੰਧਰ, 30 ਜੂਨ 2023- ਟਰਾਂਸਪੋਰਟ ਵਿਭਾਗ ਦੇ ਚਲਾਨ, ਜੁਰਮਾਨੇ ਤੇ ਚਲਾਨ ਭੁਗਤਨ ਦੀ ਪਰੇਸ਼ਾਨੀ ਤੋਂ ਬਚਣ ਚਾਹੁੰਦੇ ਹੋ ਤਾਂ ਜੂਨ ਮਹੀਨੇ ਦੇ ਆਖਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਆਪਣੇ ਵਾਹਨਾਂ ’ਤੇ ਹਾਈ ਸਕਿਉਰਿਟੀ ਨੰਬਰ ਜ਼ਰੂਰ ਲਗਵਾ ਲਓ। ਪਹਿਲੀ ਜੁਲਾਈ ਤੋਂ ਬਿਨਾਂ ਹਾਈ ਸਕਿਉਰਿਟੀ ਵਾਲੇ ਨੰਬਰ ਪਲੇਟਾਂ ਦਾ ਚਲਾਨ ਕੀਤਾ ਜਾਵੇਗਾ ਤੇ ਜੁਰਮਾਨਾ ਵੀ ਦੇਣਾ ਹੋਵੇਗਾ। ਬਿਨਾਂ ਹਾਈ ਸਕਿਉਰਿਟੀ ਨੰਬਰ ਪਲੇਟ ਵਾਲੇ ਵਾਹਨਾਂ ਦਾ 3000 ਰੁਪਏ ਤੱਕ ਦਾ ਚਲਾਨ ਹੋ ਸਕਦਾ ਹੈ। ਵੀਰਵਾਰ ਨੂੰ ਛੁੱਟੀ ਵਾਲੇ ਦਿਨ ਵੀ ਲੋਕ ਹਾਈ ਸਕਿਉਰਿਟੀ ਨੰਬਰ ਪਲੇਟ ਲਗਵਾਉਣ ਲਈ ਆਨਲਾਈਨ ਅਪਲਾਈ ਕਰਦੇ ਰਹੇ ਤੇ ਵੱਖ-ਵੱਖ ਲੋਕਾਂ ਤੋਂ ਇਸ ਸਬੰਧੀ ਜਾਣਕਾਰੀ ਵੀ ਲੈਂਦੇ ਰਹੇ। ਹਾਲੇ ਵੀ ਕਈ ਲੋਕਾਂ ਨੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਨਹੀਂ ਲਗਵਾਈਆਂ ਹਨ। ਇਹ ਹੀ ਨਹੀਂ ਕਈ ਇਸ ਤਰ੍ਹਾਂ ਦੇ ਪੁਰਾਣੇ ਵਾਹਨ ਵੀ ਹਨ ਜਿਨ੍ਹਾਂ ਦੀ ਆਰਸੀ ਹਾਲੇ ਤੱਕ ਆਨਲਾਈਨ ਨਹੀਂ ਹੋਈ ਹੈ।
ਇਸ ਲਈ ਜੇਕਰ ਉਨ੍ਹਾਂ ਨੂੰ ਆਪਣੇ ਵਾਹਨ ’ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲਗਵਾਉਣੀ ਹੈ ਤਾਂ ਪਹਿਲਾਂ ਉਨ੍ਹਾਂ ਨੂੰ ਆਰਸੀ ਦੀ ਬੈਕਲਾਗ ਐਂਟਰੀ ਕਰਵਾਉਣੀ ਪਵੇਗੀ। ਆਰਸੀ ਬੈਕਲਾਗ ਐਂਟਰੀ ਲਈ ਗੱਡੀ ਦੇ ਮਾਲਿਕ ਨੂੰ ਗੱਡੀ ਦੀ ਇਨਸ਼ੋਰੈਂਸ, ਪਾਲਿਉਸ਼ਨ ਸਰਟੀਫਿਕੇਟ, ਅਧਾਰ ਕਾਰਡ, ਗੱਡੀ ਦੀ ਚੈਸੀਸ ਨੰਬਰ, ਇੰਜਣ ਨੰਬਰ ਆਨਲਾਈਨ ਹੋਣ ਗੱਡੀ ਟਰਾਂਸਪੋਰਟ ਦੀ ਵੈਬਸਾਈਟ ’ਤੇ ਅਪਲੋਡ ਕਰਨੇ ਹੋਣਗੇ। ਉਸ ਤੋਂ ਬਾਅਦ ਹੀ ਹਾਈ ਸਕਿਉਰਿਟੀ ਨੰਬਰ ਪਲੇਟ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ।
ਹਾਈ ਸਕਿਉਰਿਟੀ ਨੰਬਰ ਪਲੇਟ ਲਈ https//www.punjab hsrp.in ਕਲਿਕ ਕਰਨ ਤੋਂ ਬਾਅਦ ਐਚਐਸਆਰਪੀ ਆਨਲਾਈਨ ਸਰਵਿਸਿਜ਼ ’ਤੇ ਕਲਿਕ ਕਰੋ। ਇਸ ਪੋਟਰਲ ’ਤੇ ਫੀਸ ਜਮਾਂ ਹੋ ਜਵੇਗੀ ਤੇ ਜੇਕਰ ਤੁਸੀਂ ਘਰ ਬੁਲਾ ਕੇ ਗੱਡੀ ’ਤੇ ਨੰਬਰ ਪਲੇਟ ਲਗਵਾਉਣਾ ਚਾਹੁੰਦੇ ਹੋ ਤਾਂ ਇਸ ਲਈ ਆਨਲਾਈਨ ਹੀ ਵਾਧੂ ਫੀਸ ਜਮਾਂ ਕਰ ਉਸ ਨੂੰ ਘਰ ਬੁਲਾ ਸਕਦੇ ਹੋ। ਦੋ ਪਹੀਆ ਵਾਹਨਾਂ ਲਈ 200 ਰੁਪਏ ਤੇ ਕਾਰ ਲਈ 570 ਰੁਪਏ, ਕਮਰਸ਼ੀਅਲ ਗੱਡੀ ਲਈ 605 ਰੁਪਏ, ਟਰੈਕਟਰ ਲਈ 192 ਰੁਪਏ ਰਜਿਸਟਰੇਸ਼ਨ ਫੀਸ ਦੇਣੀ ਹੋਵੇਗੀ।