ਅੰਮ੍ਰਿਤਸਰ, 09 ਅਪ੍ਰੈਲ 2023- ਖਾਲਸਾ ਸਾਜਨਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦਾ ਜੱਥਾ ਸ੍ਰੀ ਦਰਬਾਰ ਸਾਹਿਬ ਤੋਂ ਰਵਾਨਾ ਹੋ ਗਿਆ ਹੈ। ਰਵਾਨਾ ਹੋਣ ਤੋਂ ਪਹਿਲਾਂ ਜਥੇ ਨੇ ਜੋ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ। ਜਥੇ ਦੀ 18 ਅਪ੍ਰੈਲ ਨੂੰ ਵਾਪਸੀ ਹੋਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਨੂੰ ਸੌਂਪੀ ਗਈ ਹੈ, ਜਦਕਿ ਉਨ੍ਹਾਂ ਨਾਲ ਜਥੇ ਦੇ ਡਿਪਟੀ ਲੀਡਰ ਵਜੋਂ ਬਲਵਿੰਦਰ ਸਿੰਘ ਵੇਈਂਪੂਈਂ ਅਤੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ ਜਾਣਗੇ।
ਬੀਤੇ ਦਿਨ ਸ਼ਰਧਾਲੂਆਂ ਨੂੰ ਵੀਜ਼ਾ ਲੱਗੇ ਪਾਸਪੋਰਟ ਵੰਡਣ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਸੀ ਕਿ ਪਾਕਿਸਤਾਨ ’ਚ ਰਹਿ ਗਏ ਸਿੱਖ ਗੁਰਧਾਮਾਂ ਦੇ ਦੀਦਾਰ ਹਰ ਸਿੱਖ ਦੀ ਲੋਚਾ ਹੁੰਦੀ ਹੈ ਅਤੇ ਜਥੇ ਵਿਚ ਜਿਹੜੇ ਸ਼ਰਧਾਲੂ ਜਾ ਰਹੇ ਹਨ, ਉਨ੍ਹਾਂ ਅੰਦਰ ਉਤਸ਼ਾਹ ਤੇ ਖੁਸ਼ੀ ਹੋਣਾ ਕੁਦਰਤੀ ਹੈ। ਉਨ੍ਹਾਂ ਮੁਤਾਬਕ ਸ਼੍ਰੋਮਣੀ ਕਮੇਟੀ ਵੱਲੋਂ 1161 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 109 ਸ਼ਰਧਾਲੂਆਂ ਨੂੰ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੇ ਵੀਜ਼ੇ ਜਾਰੀ ਨਹੀਂ ਕੀਤੇ।
ਜਥੇ ਦਾ ਪੂਰਾ ਸ਼ਡਿਊਲ
ਜ਼ਿਕਰਯੋਗ ਹੈ ਕਿ ਸਪੈਸ਼ਲ ਟਰੇਨਾਂ ਬੰਦ ਹੋਣ ਕਾਰਨ ਇਹ ਜੱਥਾ ਅਟਾਰੀ ਸਰਹੱਦੀ ਸੜਕ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਇਆ। ਅੱਜ ਜੱਥਾ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਪਹੁੰਚੇਗਾ। 10 ਅਪ੍ਰੈਲ ਨੂੰ ਫਰੂਕਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਗੁਰਦੁਆਰਾ ਨਨਕਾਣਾ ਸਾਹਿਬ ਰਾਤ ਨੂੰ ਆਰਾਮ ਕਰੇਗਾ।
11 ਅਪ੍ਰੈਲ ਨੂੰ ਨਨਕਾਣਾ ਸਾਹਿਬ ਦੇ ਲੋਕਲ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰੇਗਾ। ਫਿਰ 12 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਪਹੁੰਚ ਕੇ 13 ਨੂੰ ਇੱਥੇ ਵਿਸਾਖੀ ਦਾ ਤਿਉਹਾਰ ਮਨਾਇਆ ਜਾਵੇਗਾ। ਇੱਥੇ 14 ਨੂੰ ਨਗਰ ਕੀਰਤਨ ਸਜਾਇਆ ਜਾਵੇਗਾ।
18 ਅਪ੍ਰੈਲ ਨੂੰ ਹੋਵੇਗੀ ਵਾਪਸੀ
ਉੱਥੇ ਹੀ, ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਜਥਾ 15 ਅਪ੍ਰੈਲ ਨੂੰ ਲਾਹੌਰ ਸਥਿਤ ਗੁਰਦੁਆਰਾ ਡੇਰਾ ਸਾਹਿਬ ਵਿਖੇ ਪਹੁੰਚ ਕੇ ਰਾਤ ਨੂੰ ਆਰਾਮ ਕਰੇਗਾ ਤੇ 16 ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ, 17 ਨੂੰ ਨੇਰੋਵਾਲ ਕਸਬੇ ਦੇ ਗੁਰਦੁਆਰੇ ਦੇ ਦਰਸ਼ਨ ਕਰ ਉਪਰੰਤ 18 ਅਪ੍ਰੈਲ ਨੂੰ ਸੜਕ ਮਾਰਗ ਰਾਹੀਂ ਦੇਸ਼ ਵਾਪਸੀ ਕਰੇਗਾ।