ਸਮਾਣਾ, 10 ਦਸੰਬਰ 2023 – ਟ੍ਰੈਫਿਕ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਨਾਕੇਬੰਦੀ ਕਰਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ। ਇਸ ਮੌਕੇ ਟ੍ਰੈਫਿਕ ਪੁਲਿਸ ਮੁੱਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ।
ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਜਦੋਂ ਲੋਕ ਨਹੀਂ ਮੰਨ ਰਹੇ ਤਾਂ ਉਨ੍ਹਾਂ ਚੈਕਿੰਗ ਦੌਰਾਨ ਮੋਟਰਸਾਇਕਲ, ਕਾਰਾਂ ਦੇ ਕਾਗਜ਼ਾਤ ਚੈਕ ਕੀਤੇ ਅਤੇ ਕੁਝ ਵਾਹਨਾਂ ਦੇ ਚਲਾਨ ਵੀ ਕੀਤੇ। ਉਨ੍ਹਾਂ ਕਿਹਾ ਕਿ ਸ਼ਹਿਰ ਤੇ ਪਿੰਡਾਂ ਦੇ ਲੋਕ ਸ਼ਹਿਰ ਵਿੱਚ ਖਰੀਦਦਾਰੀ ਕਰਨ ਆਉਂਦੇ ਹਨ ਜੋ ਆਪਣੀਆਂ ਗੱਡੀਆਂ ਨੋ-ਪਾਰਕਿੰਗ ਜ਼ੋਨ ‘ਚ ਖੜ੍ਹੀਆਂ ਕਰਕੇ ਚਲੇ ਜਾਂਦੇ ਹਨ ਅਤੇ ਦੋ-ਦੋ ਘੰਟੇ ਵਾਪਸ ਨਹੀਂ ਮੁੜਦੇ। ਜਿਸ ਨਾਲ ਟ੍ਰੈਫਿਕ ਜਾਮ ਹੋ ਜਾਂਦੀ ਹੈ।
ਉਨ੍ਹਾਂ ਨੇ ਹੁੱਲੜਬਾਜ਼ਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਬੁਲਟ ਮੋਟਰਸਾਇਕਲਾਂ ਦੇ ਪਟਾਕੇ ਚਲਾਉਣ ਅਤੇ ਅਵਾਰਾਗਰਦੀ ਕਰਨ ਵਾਲੇ ਬਾਜ ਆ ਜਾਣ, ਨਹੀਂ ਤਾਂ ਉਹਨਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਦਾ ਸਾਥ ਦੇਣ ਅਤੇ ਆਪਣੇ ਵਾਹਨ ਸਹੀ ਤਰੀਕੇ ਨਾਲ ਖੜੇ ਕਰਨ।
ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ। ਇਸ ਮੌਕੇ ਏ.ਐਸ.ਆਈ. ਸੁਸ਼ਮਿੰਦਰ ਸਿੰਘ, ਏ.ਐਸ. ਆਈ. ਦਰਸ਼ਨ ਸਿੰਘ, ਹੌਲਦਾਰ ਜਸਪਾਲ ਸਿੰਘ ਅਤੇ ਹਰਜੀਤ ਸਿੰਘ ਵੀ ਮੌਜੂਦ ਸਨ।