ਚੰਡੀਗੜ੍ਹ, 13 ਦਸੰਬਰ 2023 – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਕੁਝ ਨਿੱਜੀ ਫਾਰਮੇਸੀ ਕਾਲਜਾਂ ਦੀ ਮਿਲੀਭੁਗਤ ਨਾਲ ਧੋਖਾਧੜੀ ਰਾਹੀਂ ਡੀ-ਫਾਰਮੇਸੀ ਲਾਇਸੈਂਸ ਪ੍ਰਾਪਤ ਕਰਨ ਵਾਲੇ 9 ਉਮੀਦਵਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਪੰਜਾਬ ਰਾਜ ਫਾਰਮੇਸੀ ਕੌਂਸਲ (ਪੀ.ਐਸ.ਪੀ.ਸੀ.) ਦੇ ਦੋ ਸਾਬਕਾ ਰਜਿਸਟਰਾਰਾਂ ਅਤੇ ਕਰਮਚਾਰੀਆਂ ਵਿਰੁੱਧ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਗਲਤ ਦਾਖਲੇ ਕਰਨ, ਰਜਿਸਟੇ੍ਰਸ਼ਨ ਕਰਨ ਅਤੇ ਡੀ-ਫਾਰਮੇਸੀ ਲਾਇਸੈਂਸ ਜਾਰੀ ਕਰਨ ਮੌਕੇ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ।
ਇਸ ਮਾਮਲੇ ਵਿੱਚ ਮੁਲਜ਼ਮ ਪਰਵੀਨ ਕੁਮਾਰ ਭਾਰਦਵਾਜ ਅਤੇ ਡਾ. ਤੇਜਵੀਰ ਸਿੰਘ, ਦੋਵੇਂ ਸਾਬਕਾ ਰਜਿਸਟਰਾਰ ਪੀ.ਐਸ.ਪੀ.ਸੀ. ਸਮੇਤ ਸੁਪਰਡੈਂਟ ਅਸ਼ੋਕ ਕੁਮਾਰ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਾਂਚ ਵਿੱਚ ਸਾਲ 2005 ਤੋਂ 2022 ਦਰਮਿਆਨ 143 ਵਿਦਿਆਰਥੀਆਂ ਦੇ ਜਾਅਲੀ ਸਰਟੀਫਿਕੇਟਾਂ ਦਾ ਪਤਾ ਲੱਗਾ ਹੈ ਜਿਸ ਤੋਂ ਪੀ.ਐਸ.ਪੀ.ਸੀ. ਵਿੱਚ ਦਾਖਲੇ, ਰਜਿਸਟਰੇਸ਼ਨਾਂ ਅਤੇ ਸਰਟੀਫਿਕੇਟਾਂ ਵਿੱਚ ਕੀਤੀ ਘਪਲੇਬਾਜ਼ੀ ਦਾ ਖੁਲਾਸਾ ਹੁੰਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮੰਗਲਵਾਰ ਨੂੰ ਇਸ ਮੁਕੱਦਮੇ ਵਿੱਚ 9 ਫਾਰਮਾਸਿਸਟਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਫਾਰਮਾਸਿਸਟ ਪ੍ਰਾਈਵੇਟ ਫਾਰਮੇਸੀ ਕਾਲਜਾਂ ਦੇ ਮਾਲਕਾਂ/ਪਿ੍ਰੰਸੀਪਲਾਂ ਰਾਹੀਂ ਪੈਸੇ ਦੇ ਕੇ ਵੱਖ-ਵੱਖ ਸੰਸਥਾਵਾਂ ਤੋਂ ਧੋਖੇ ਨਾਲ ਜਾਅਲੀ 10+2 ਪਾਸ ਸਰਟੀਫਿਕੇਟ ਅਤੇ ਡੀ-ਫਾਰਮੇਸੀ ਪਾਸ ਸਰਟੀਫਿਕੇਟ ਸਮੇਤ ਪੀ.ਐਸ.ਪੀ.ਸੀ. ਤੋਂ ਜਾਅਲੀ ਰਜਿਸਟੇ੍ਰਸ਼ਨ ਸਰਟੀਫਿਕੇਟ ਜਾਰੀ ਕਰਵਾਉਣ ਦੇ ਦੋਸ਼ੀ ਹਨ।
ਇਸ ਸਮੇਂ ਇਹ ਸਾਰੇ ਮੁਲਜ਼ਮ ਵੱਖ ਵੱਖ ਥਾਂਵਾਂ ਤੇ ਮੈਡੀਕਲ ਦੀਆਂ ਦੁਕਾਨਾਂ ਚਲਾ ਰਹੇ ਹਨ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਖੇਡ ਰਹੇ ਹਨ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਉਮੇਸ਼ ਕੁਮਾਰ ਵਾਸੀ ਕਸਬਾ ਭਾਦਸੋਂ ਜ਼ਲ੍ਹਿਾ ਪਟਿਆਲਾ, ਮੁਹੰਮਦ ਅਸਲਮ ਵਾਸੀ ਮਾਲੇਰਕੋਟਲਾ ਸ਼ਹਿਰ, ਅਬਦੁਲ ਸਤਾਰ ਵਾਸੀ ਪਿੰਡ ਲਸੋਈ ਜ਼ਲ੍ਹਿਾ ਮਾਲੇਰਕੋਟਲਾ, ਮੁਹੰਮਦ ਮਨੀਰ ਵਾਸੀ ਪਿੰਡ ਬਿੰਜੋਕੇ ਖੁਰਦ ਜ਼ਲ੍ਹਿਾ ਮਾਲੇਰਕੋਟਲਾ, ਗੁਰਦੀਪ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ, ਪੁਨੀਤ ਸ਼ਰਮਾ ਵਾਸੀ ਬਹਾਦਰਗੜ੍ਹ ਜ਼ਲ੍ਹਿਾ ਪਟਿਆਲਾ, ਰਵਿੰਦਰ ਕੁਮਾਰ ਵਾਸੀ ਪਿੰਡ ਚੱਪੜ ਜ਼ਲ੍ਹਿਾ ਪਟਿਆਲਾ, ਅਸ਼ੋਕ ਕੁਮਾਰ ਵਾਸੀ ਬਰਨਾਲਾ ਸ਼ਹਿਰ ਅਤੇ ਮਨਿੰਦਰ ਸਿੰਘ ਵਾਸੀ ਰਾਹੋਂ ਰੋਡ, ਲੁਧਿਆਣਾ ਸ਼ਾਮਲ ਹਨ।