ਰਾਜਪੁਰਾ ਸਿਟੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਗਸ਼ਤ ਦੌਰਾਨ ਇੱਕ ਮਹਿਲਾ ਅਤੇ ਵਿਅਕਤੀ ਕੋਲੋਂ 1 ਕਿੱਲੋ 500 ਗ੍ਰਾਮ ਅਫ਼ੀਮ ਬਰਾਮਦ ਕਰ ਲਈ। ਪ੍ਰਰੈੱਸ ਕਾਨਫ਼ਰੰਸ ਦੌਰਾਨ ਐੱਸਐੱਚਓ ਥਾਣਾ ਸਿਟੀ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਭੱਟੀ ਨੇ ਦੱਸਿਆ ਕਿ ਕਸਤੂਰਬਾ ਚੌਕੀ ਦੇ ਇੰਚਾਰਜ ਏਐੱਸਆਈ ਗੁਰਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਨੇੜੇ ਟੀ ਪੁਆਇੰਟ ਪਿੰਡ ਖ਼ਰਾਜਪੁਰ ਮੌਜੂਦ ਸੀ ਤਾਂ ਇੱਕ ਮੋਨਾ ਵਿਅਕਤੀ ਅਤੇ ਇੱਕ ਔਰਤ ਆਉਂਦੇ ਦਿਖਾਈ ਦਿੱਤੇ, ਜਿਨਾਂ ਦੇ ਹੱਥਾਂ ਵਿੱਚ ਤਣੀਆਂ ਵਾਲਾ ਬੈਗ ਫੜਿਆ ਹੋਇਆ ਸੀ ਜਦੋਂ ਉਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ।
ਮੋਨੇ ਵਿਅਕਤੀ ਨੇ ਆਪਣਾ ਨਾਮ ਸਿਪਟਰ ਪੁੱਤਰ ਚੰਦਰ ਪਾਲ ਵਾਸੀ ਪਿੰਡ ਬੇਹਰੀਪੁਰ ਆਵਲਾ ਥਾਣਾ ਭਾਮੋਰਾ ਜ਼ਿਲ੍ਹਾ ਬਰੇਲੀ ਯੂ.ਪੀ ਅਤੇ ਔਰਤ ਨੇ ਆਪਣਾ ਨਾਮ ਮੁੰਨੀ ਪਤਨੀ ਨੰਨੇ ਵਾਸੀ ਵੀਡੀਓ ਕਾਲੋਨੀ ਨੇੜੇ ਮਸਜਿਦ ਥਾਣਾ ਬਿਥਰੀ ਜ਼ਿਲ੍ਹਾ ਬਰੇਲੀ ਯੂਪੀ ਦੱਸਿਆ। ਐੱਸਐੱਚਓ ਭੱਟੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਹੱਥਾ ਵਿੱਚ ਫੜੇ ਤਣੀਆਂ ਵਾਲੇ ਬੈਗ ਦੀ ਚੈਕਿੰਗ ਕਰਨ ‘ਤੇ ਬੈਗ ਵਿਚ 1 ਕਿੱਲੋ 500 ਗ੍ਰਾਮ ਅਫ਼ੀਮ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਮਾਨਯੋਗ ਅਦਾਲਤ ਨੇ ਮੁਲਜ਼ਮਾਂ ਨੂੰ 2 ਦਿਨ ਦਾ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਐੱਸਐੱਚਓ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।