ਜਲਾਲਾਬਾਦ, 3 ਅਪ੍ਰੈਲ, 2023- ਜਲਾਲਾਬਾਦ ਤੋਂ ਥੋੜੀ ਦੂਰ ਸਥਿਤ ਇਕ ਸਮਾਧ ਨੇੜੇ ਤੇਜ਼ ਹਵਾਵਾਂ ਕਾਰਨ ਅੱਜ ਸਵੇਰੇ ਅਧਿਆਪਕਾਂ ਨਾਲ ਭਰੀ ਕਰੂਜ਼ਰ ਕਾਰ ’ਤੇ ਦਰੱਖਤ ਡਿੱਗ ਗਿਆ। ਜਿਸ ਕਾਰਨ ਕਰੂਜ਼ਰ ਵਿੱਚ ਸਵਾਰ 5 ਅਧਿਆਪਕ ਜ਼ਖਮੀ ਹੋ ਗਏ।
ਜਿਨ੍ਹਾਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਦਕਿ 2 ਅਧਿਆਪਕਾਂ ਨੂੰ ਜ਼ਿਆਦਾ ਸੱਟਾਂ ਲੱਗਣ ਕਾਰਨ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਵੀ ਮੌਕੇ ‘ਤੇ ਪਹੁੰਚ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਗੱਡੀ ਰੋਜ਼ਾਨਾ ਜਲਾਲਾਬਾਦ ਤੋਂ ਵਲਟੋਹਾ ਵੱਲ ਜਾਂਦੀ ਹੈ। ਅੱਜ ਸਵੇਰੇ ਕਰੀਬ 6 ਵਜੇ ਇਹ ਗੱਡੀ ਕਰੀਬ 11 ਅਧਿਆਪਕਾਂ ਨੂੰ ਲੈ ਕੇ ਜਲਾਲਾਬਾਦ ਤੋਂ ਵਲਟੋਹਾ ਜਾ ਰਹੀ ਸੀ ਪਰ ਅੱਜ ਸਵੇਰ ਤੋਂ ਹੀ ਖ਼ਰਾਬ ਮੌਸਮ ਅਤੇ ਰੁਕ-ਰੁਕ ਕੇ ਹੋ ਰਹੀ ਬਰਸਾਤ ਕਾਰਨ ਰਸਤੇ ਵਿੱਚ ਪੈਂਦੇ ਇੱਕ ਸਮਾਧ ਨੇੜੇ ਤੇਜ਼ ਹਵਾਵਾਂ ਕਾਰਨ ਦਰੱਖਤ ਅਚਾਨਕ ਟੁੱਟ ਕੇ ਡਿੱਗ ਪਿਆ। ਜਿਸ ਕਾਰਨ ਕਰੂਜ਼ਰ ਵਿੱਚ ਸਵਾਰ 5 ਅਧਿਆਪਕ ਜ਼ਖਮੀ ਹੋ ਗਏ। ਇਸ ਦੌਰਾਨ ਰਾਹਗੀਰਾਂ ਨੇ 108 ਐਂਬੂਲੈਂਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਰਾਹਤ ਕਾਰਜ ਸ਼ੁਰੂ ਕੀਤਾ ਗਿਆ।
ਇਸ ਦੌਰਾਨ ਅਧਿਆਪਕਾਂ ਨੂੰ ਜਲਾਲਾਬਾਦ ਦੇ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਦਕਿ ਦੋ ਅਧਿਆਪਕਾਂ ਨੂੰ ਰੈਫਰ ਕਰ ਦਿੱਤਾ ਗਿਆ। ਦੂਜੇ ਪਾਸੇ ਥਾਣਾ ਅਮੀਰਖਾਸ ਦੇ ਐੱਸਐੱਚਓ ਚੰਦਰਸ਼ੇਖਰ ਨੇ ਦੱਸਿਆ ਕਿ ਇਸ ਹਾਦਸੇ ‘ਚ ਕੁੱਲ 11 ਲੋਕ ਸਵਾਰ ਸਨ, ਜਿਨ੍ਹਾਂ ‘ਚੋਂ 5 ਦੇ ਸੱਟਾਂ ਲੱਗੀਆਂ ਹਨ, ਜਿਨ੍ਹਾਂ ‘ਚੋਂ 3 ਸਰਕਾਰੀ ਹਸਪਤਾਲ ਜਲਾਲਾਬਾਦ ‘ਚ ਦਾਖਲ ਹਨ, ਜਦਕਿ 2 ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।