ਡਡਵਿੰਡੀ , 04 ਅਪ੍ਰੈਲ 2023- ਤਾਸ਼ਪੁਰ ਰੋਡ ‘ਤੇ ਤਾਸ਼ ਪੁਰ ਮੋੜ ਨੇੜੇ ਇਕ ਤੇਜ਼ ਰਫਤਾਰ ਸਵਿਫਟ ਕਾਰ ਸੜਕ ਕਿਨਾਰੇ ਲੱਗੇ ਸਫੈਦੇ ਨਾਲ ਟਕਰਾ ਗਈ ਤੇ ਕਾਰ ‘ਚ ਸਵਾਰ 2 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜੋਗਾ ਸਿੰਘ ਪੁੱਤਰ ਚਰਨ ਸਿੰਘ ਵਾਸੀ ਪੱਤੀ ਸ਼ਾਲਾ ਨਗਰ ਮਲਸੀਆਂ (ਜਲੰਧਰ), ਰਘਬੀਰ ਸਿੰਘ ਪੁੱਤਰ ਮਨਜੀਤ ਸਿੰਘ ਪੱਤੀ ਅਕਲਪੁਰ ਮਲਸੀਆਂ (ਜਲੰਧਰ) ਵਜੋਂ ਹੋਈ ਹੈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਘਟਨਾ ਸਥਾਨ ‘ਤੇ ਪੁੱਜੇ ਸੁਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮਲਸੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਜੋਗਾ ਸਿੰਘ ਪੁੱਤਰ ਚਰਨ ਸਿੰਘ ਅਤੇ ਇਕ ਉਨ੍ਹਾਂ ਦੇ ਪਿੰਡ ਦਾ ਵਸਨੀਕ ਰਘਬੀਰ ਸਿੰਘ ਪੁੱਤਰ ਮਨਜੀਤ ਸਿੰਘ ਤੜਕੇ ਕਰੀਬ 4 ਵਜੇ ਸਵਿਫਟ ਕਾਰ ਨੰਬਰ ਪੀ ਬੀ 05 ਏ ਕਿਉ 2254 ‘ਤੇ ਮਲਸੀਆਂ ਵਾਲੇ ਪਾਸਿਓਂ ਕਪੂਰਥਲਾ ਜਾ ਰਹੇ ਸਨ। ਜਿਉਂ ਹੀ ਉਹ ਡਡਵਿੰਡੀ ਰੋਡ ‘ਤੇ ਤਾਸ਼ ਪੁਰ ਮੋੜ ਨੇੜੇ ਪੁੱਜੇ, ਉਨ੍ਹਾਂ ਦੀ ਗੱਡੀ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰੱਖ਼ਤ ਨਾਲ ਟਕਰਾ ਗਈ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਸ਼ਾਇਦ ਡਰਾਈਵਰ ਨੂੰ ਨੀਂਦ ਆਉਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਹੋਵੇਗਾ ਤੇ ਗੱਡੀ ਦਰੱਖਤ ਨਾਲ ਟਕਰਾ ਗਈ। ਘਟਨਾ ਸਥਾਨ ‘ਤੇ ਮੌਜੂਦ ਰਾਹਗੀਰਾਂ ਨੇ ਦੱਸਿਆ ਕਿ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਦੋਵੇਂ ਕਾਰ ਸਵਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਗੱਡੀ ਵੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਲਾਸ਼ ਨੂੰ ਕਟਰ ਦੀ ਮਦਦ ਨਾਲ ਕਾਰ ਨੂੰ ਕੱਟ ਕੇ ਕੱਢਣਾ ਪਿਆ। ਦੂਜੇ ਪਾਸੇ ਸੂਚਨਾ ਮਿਲਦੇ ਸਰ ਹੀ ਡੱਲਾ ਚੌਂਕੀ ਦੀ ਪੁਲਿਸ ਮੌਕੇ ‘ਤੇ ਪੁੱਜ ਗਈ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।