ਡੇਰਾਬੱਸੀ, 15 ਦਸੰਬਰ 2023 – ਡੇਰਾਬੱਸੀ ਵਿਖੇ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ‘ਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ਼ ਲਈ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਵਿਅਕਤੀ ਦੇ ਪਿਤਾ ਧਰਮਪਾਲ ਪੁੱਤਰ ਉਜਾਗਰ ਰਾਮ ਵਾਸੀ ਆਗਾਪੁਰ ਲਾਲੜੂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸਦਾ ਛੋਟਾ ਲੜਕਾ ਸਤਨਾਮ ਸਿੰਘ ਉਮਰ ਕਰੀਬ 22 ਸਾਲ ਜੋ ਕਿ ਫੋਕਲ ਪੁਆਇੰਟ ਮੁਬਾਰਿਕਪੁਰ ਵਿਖੇ ਨੌਕਰੀ ਕਰਦਾ ਹੈ। ਉਹ ਹਰ ਰੋਜ਼ਾਨਾ ਵਾਂਗ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ।
ਉਹ ਵੀ ਆਪਣੇ ਭਤੀਜੇ ਸੰਜੂ ਰਾਮ ਨਾਲ ਉਸਦੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਲੜਕੇ ਦੇ ਪਿੱਛੇ ਪਿੱਛੇ ਆ ਰਿਹਾ ਸੀ। ਜਦੋਂ ਉਸ ਦਾ ਲੜਕਾ ਸਤਨਾਮ ਸਿੰਘ ਪੀਸੀਪੀਐੱਲ ਫੈਕਟਰੀ ਨੇੜੇ ਪਹੁੰਚਿਆ ਤਾਂ ਇਕ ਮੋਟਰਸਾਈਕਲ ਚਾਲਕ ਆਪਣੇ ਮੋਟਰ ਸਾਈਕਲ ਨੂੰ ਗਲਤ ਸਾਈਡ ਤੋਂ ਬੜੀ ਤੇਜ਼ ਰਫਤਾਰੀ ਨਾਲ ਚਲਾਉਂਦੇ ਹੋਏ ਆਇਆ ਅਤੇ ਬੜੀ ਲਾਪਰਵਾਹੀ ਨਾਲ ਉਸ ਦੇ ਲੜਕੇ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ।
ਜਿਸ ਕਾਰਨ ਉਸ ਦਾ ਲੜਕਾ ਸਤਨਾਮ ਸਿੰਘ ਸੜਕ ‘ਤੇ ਡਿੱਗ ਪਿਆ। ਦੂਸਰਾ ਮੋਟਰਸਾਈਕਲ ਚਾਲਕ ਵੀ ਕੱਚੇ ਵਿੱਚ ਡਿੱਗ ਗਿਆ। ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ। ਉਹ ਅਤੇ ਉਸ ਦਾ ਭਤੀਜਾ ਥ੍ਰੀਵੀਹਲਰ ਦਾ ਇੰਤਜਾਮ ਕਰਕੇ ਸਤਨਾਮ ਸਿੰਘ ਨੂੰ ਸਿਵਲ ਹਸਪਤਾਲ ਡੇਰਾਬੱਸੀ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਉਸ ਦੇ ਲੜਕੇ ਸਤਨਾਮ ਸਿੰਘ ਨੂੰ ਸੈਕਟਰ 32 ਚੰਡੀਗੜ੍ਹ ਹਸਪਤਾਲ ਵਿਖੇ ਇਲਾਜ ਲਈ ਰੈਫ਼ਰ ਕਰ ਦਿੱਤਾ। ਪੁਲਿਸ ਨੇ ਮੋਟਰਸਾਈਕਲ ਚਾਲਕ ਸੰਨੀ ਪੁੱਤਰ ਧਰਮਿੰਦਰ ਵਾਸੀ ਮੁਬਾਰਿਕਪਰ ਖ਼ਿਲਾਫ਼ ਧਾਰਾ 279, 337, 427 ਆਈਪੀਸੀ ਅਧੀਨ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।