ਰਾਜਪੁਰਾ, 05 ਦਸੰਬਰ 2023 – ਮੰਗਲਵਾਰ ਸਵੇਰੇ ਰਾਜਪੁਰਾ-ਅੰਬਾਲਾ ਕੌਮੀ ਸ਼ਾਹ ਮਾਰਗ ‘ਤੇ ਮਿਡ ਵੇ ਢਾਬੇ ਨੇੜੇ ਸੰਘਣੀ ਧੁੰਦ ਕਾਰਨ ਇਕ ਕੈਂਟਰ ਤੇ ਦੋ ਟਰੱਕ ਆਪਸ ‘ਚ ਟਕਰਾਅ ਗਏ। ਇਸ ਹਾਦਸੇ ‘ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਜਿਸ ਦੌਰਾਨ ਕੈਂਟਰ ਚਾਲਕ ਸਮੇਤ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ‘ਚੋਂ 2 ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਰਾਜਪੁਰਾ-ਸਰਹਿੰਦ ਕੌਮੀ ਸ਼ਾਹ ਮਾਰਗ ‘ਤੇ ਮਿਡ ਵੇ ਢਾਬੇ ਨੇੜੇ ਸਵੇਰੇ ਮੱਝਾਂ ਅਤੇ ਕੱਟਰੂਆਂ ਨੂੰ ਰਾਜਸਥਾਨ ਤੋਂ ਲਿਆ ਕੇ ਉੱਤਰ ਪ੍ਰਦੇਸ਼ ਜਾ ਰਿਹਾ ਇੱਕ ਕੈਂਟਰ ਖ਼ਰਾਬ ਹੋ ਗਿਆ। ਜਿਸ ਦੀ ਮੁਰੰਮਤ ਕੀਤੀ ਜਾ ਰਹੀ ਸੀ। ਇਸੇ ਦੌਰਾਨ ਲੁਧਿਆਣਾ ਵੱਲੋਂ ਇੱਕ ਟਰੱਕ ਆ ਕੇ ਕੈਂਟਰ ਨਾਲ ਟਕਰਾਇਆ ਤੇ ਇਸ ਤੋਂ ਬਾਅਦ ਇੱਕ ਹੋਰ ਟਰੱਕ ਉਸ ਦੇ ‘ਚ ਵੱਜਿਆ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਦੌਰਾਨ ਕੈਂਟਰ ਸਵਾਰ ਕੁਲਦੀਪ ਸਿੰਘ ਵਾਸੀ ਅਮਲੋਹ, ਮੇਵਾ ਸਿੰਘ ਵਾਸੀ ਪਿੰਡ ਭੜੀ ਪਨੈਚਾਂ ਅਤੇ ਵਿਨੋਦ ਯਾਦਵ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਥਾਨਕ ਸਿਵਲ ਹਪਤਾਲ ਇਲਾਜ ਲਈ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਕੁਲਦੀਪ ਸਿੰਘ ਅਤੇ ਵਿਨੋਦ ਯਾਦਵ ਦੀ ਹਾਲਤ ਜਿਆਦਾ ਖ਼ਰਾਬ ਹੋਣ ਕਾਰਨ ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਰੈਫਰ ਕਰ ਦਿੱਤਾ ਹੈ।