ਜਲੰਧਰ – ਧੁੰਦ ‘ਚ ਅੱਗੇ ਜਾ ਰਹੀ ਇਕ ਕਾਰ ਨੂੰ ਬਚਾਉਂਦੇ ਹੋਏ ਨੈਸ਼ਨਲ ਹਾਈਵੇ ‘ਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਸਾਹਮਣੇ ਰਾਮਾ ਮੰਡੀ ਫਲਾਈਓਵਰ ਤੋਂ ਹੇਠਾਂ ਉਤਰਦੇ ਸਮੇਂ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਸੜਕ ਵਿਚਾਲੇ ਟਰੱਕ ਪਲਟਣ ਕਾਰਨ ਸੜਕ ‘ਤੇ ਲੰਮਾ ਜਾਮ ਲੱਗ ਗਿਆ। ਟਰੱਕ ਡਰਾਈਵਰ ਬਲਵੰਤ ਸਿੰਘ ਵਾਸੀ ਅੰਮਿ੍ਤਸਰ ਨੇ ਦੱਸਿਆ ਕਿ ਉਹ ਕਰਿਆਨੇ ਦਾ ਸਾਮਾਨ ਲੈ ਕੇ ਸਵੇਰੇ ਲੁਧਿਆਣਾ ਤੋਂ ਅੰਮਿ੍ਤਸਰ ਲਈ ਰਵਾਨਾ ਹੋਇਆ ਸੀ। ਰਾਮਾ ਮੰਡੀ ਫਲਾਈਓਵਰ ‘ਤੇ ਉਤਰਦੇ ਸਮੇਂ ਸਵੇਰੇ ਕਰੀਬ 8.30 ਵਜੇ ਸੰਘਣੀ ਧੁੰਦ ਕਾਰਨ ਪਿੱਛੇ ਤੋਂ ਆ ਰਹੀ ਇਕ ਕਾਰ ਨੇ ਉਸ ਨੂੰ ਓਵਰਟੇਕ ਕਰ ਲਿਆ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਟਰੱਕ ਪਲਟਣ ਨਾਲ ਸੜਕ ‘ਤੇ ਜਾਮ ਲੱਗ ਗਿਆ।
ਇਸ ਦੌਰਾਨ ਟਰੱਕ ਦੀ ਲਪੇਟ ‘ਚ ਆਉਣ ਨਾਲ ਕੁਝ ਕਾਰਾਂ ਵੀ ਮਾਮੂਲੀ ਨੁਕਸਾਨੀਆਂ ਗਈਆਂ। ਬਾਅਦ ‘ਚ ਟ੍ਰੈਫਿਕ ਪੁਲਿਸ ਦੇ ਏਐੱਸਆਈ ਬਲਬੀਰ ਸਿੰਘ ਨੇ ਮੌਕੇ ‘ਤੇ ਪੁੱਜ ਕੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਤੇ ਦੁਪਹਿਰ ਵੇਲੇ ਕਰੇਨ ਸੱਦ ਕੇ ਪਲਟਿਆ ਟਰੱਕ ਨੂੰ ਚੁਕਵਾਇਆ। ਇਸ ਹਾਦਸੇ ‘ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸੇ ਤਰ੍ਹਾਂ ਸੰਘਣੀ ਧੁੰਦ ‘ਚ ਜਲੰਧਰ ਅੰਮਿ੍ਤਸਰ ਨੈਸ਼ਨਲ ਹਾਈਵੇ ‘ਤੇ ਸੜਕ ‘ਤੇ ਖੜ੍ਹੇ ਟਰੱਕ ਕਾਰਨ ਦੋ ਬੱਸਾਂ ਆਪਸ ‘ਚ ਟਕਰਾ ਗਈਆਂ ਤੇ ਨੁਕਸਾਨੀਆਂ ਗਈਆਂ। ਦਿੱਲੀ ਦੀ ਇੰਟਰਸਿਟੀ ਸਮਾਰਟ ਬੱਸ ਸਰਵਿਸ ਦੀ ਬੱਸ ਮੰਗਲਵਾਰ ਸਵੇਰੇ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਈ। ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਸਵਾਰੀਆਂ ਵਾਲ-ਵਾਲ ਬਚ ਗਈਆਂ। ਇਸੇ ਤਰ੍ਹਾਂ ਰੂਪਨਗਰ ਡਿਪੂ ਦੀ ਬੱਸ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਬੱਸ ਕੰਡਕਟਰ ਗੁਰਬਾਜ ਜ਼ਖਮੀ ਹੋ ਗਿਆ। ਉਸ ਦੀ ਗਰਦਨ ‘ਤੇ ਡੂੰਘੀ ਸੱਟ ਲੱਗੀ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ।
ਇਸੇ ਤਰ੍ਹਾਂ ਸਵੇਰੇ ਸੱਤ ਵਜੇ ਦੇ ਕਰੀਬ ਮੰਡ ਇਲਾਕੇ ਨੇੜੇ ਦੋ ਵਾਹਨ ਆਪਸ ‘ਚ ਟਕਰਾ ਗਏ। ਕਾਰ ਚਾਲਕ ਰਾਜੇਸ਼ ਵਾਸੀ ਬਸਤੀ ਨੌਂ ਨੇ ਦੱਸਿਆ ਕਿ ਉਹ ਸਵੇਰੇ ਕਪੂਰਥਲਾ ਜਾ ਰਿਹਾ ਸੀ ਤਾਂ ਨੇੜਿਓਂ ਲੰਘ ਰਹੀ ਇਕ ਕਾਰ ਦੇ ਚਾਲਕ ਨੇ ਉਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਸੰਘਣੀ ਧੁੰਦ ਕਾਰਨ ਉਹ ਅੱਗੇ ਤੋਂ ਲੰਘ ਰਹੇ ਸਾਈਕਲ ਸਵਾਰ ਨੂੰ ਨਹੀਂ ਦੇਖ ਸਕਿਆ ਤੇ ਉਸ ਨੂੰ ਬਚਾਉਂਦੇ ਹੋਏ ਕਾਰ ਨੂੰ ਟੱਕਰ ਮਾਰ ਦਿੱਤੀ। ਦੂਜੀ ਕਾਰ ਦੇ ਡਰਾਈਵਰ ਨੇ ਵੀ ਕਿਹਾ ਕਿ ਧੁੰਦ ਕਾਰਨ ਉਹ ਸਾਈਕਲ ਸਵਾਰ ਨੂੰ ਅੱਗੇ ਆਉਂਦੇ ਦੇਖ ਨਹੀਂ ਸਕਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।