ਬਨੂੜ, 07 ਅਗਸਤ 2023-ਸ਼ਹਿਰ ਦਾ ਸਰਕਾਰੀ ਪਸ਼ੂਆਂ ਦਾ ਹਸਪਤਾਲ ਅੱਜਕਲ੍ਹ ਨਸ਼ੇੜੀਆਂ ਦਾ ਅੱਡਾ ਬਣ ਗਿਆ ਹੈ। ਜਿਥੇ ਬਿਨਾਂ ਰੋਕ ਟੋਕ ਦੇ ਨਸ਼ੇੜੀ ਆਉਂਦੇ ਹਨ ਤੇ ਨਸ਼ੇ ਕਰਦੇ ਹਨ। ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਣ ਦੇ ਬਾਵਜੂਦ ਇਨ੍ਹਾਂ ਨਸ਼ੇੜੀ ਨੌਜਵਾਨਾਂ ‘ਤੇ ਕੋਈ ਕਾਰਵਾਈ ਨਹੀਂ ਹੁੰਦੀ। ਇਥੋਂ ਤੱਕ ਕੇ ਹਸਪਤਾਲ ਵਿੱਚ ਮੌਜੂਦ ਡਾਕਟਰ ਤੇ ਸਟਾਫ ਖੋਫ ਦੇ ਸਾਏ ਹੇਠ ਨੌਕਰੀ ਕਰਨ ਲਈ ਮਜਬੂਰ ਹਨ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਤੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਬਨੂੜ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਜਦੋਂ ਬਨੂੜ ਦੇ ਪਸ਼ੂ ਹਸਪਤਾਲ ਦੇ ਨੇੜਿਓਂ ਗੁਜ਼ਰ ਰਹੇ ਸਨ ਤਾਂ ਦੇਖਿਆ ਕਿ ਹਸਪਤਾਲ ਦੇ ਅੰਦਰ ਬੈਠੇ ਦੋ ਨੌਜਵਾਨ ਨਸ਼ਾ ਕਰ ਰਹੇ ਸਨ। ਇਸ ਤੋਂ ਬਾਅਦ ਜਦੋਂ ਉਨਾਂ੍ਹ ਨੇ ਹਸਪਤਾਲ ਦੇ ਨੇੜੇ ਤੇੜੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ੍ਹ ਦੱਸਿਆ ਕਿ ਪਸ਼ੂ ਹਸਪਤਾਲ ਵਿਚ ਵੱਡੀ ਗਿਣਤੀ ‘ਚ ਨੌਜਵਾਨ ਨਸ਼ਾ ਕਰਦੇ ਆਮ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਹਸਪਤਾਲ ਵਿਚ ਲੋਕਾਂ ਨੇ ਗੋਹੇ ਅਤੇ ਹੋਰ ਸਾਮਾਨ ਨਾਲ ਭਰੀਆਂ ਟਰਾਲੀਆਂ ਖੜ੍ਹੀਆਂ ਕਰਕੇ ਹਸਪਤਾਲ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਹਸਪਤਾਲ ਅੰਦਰ ਸਾਫ ਸਫਾਈ ਨਾ ਹੋਣ ਕਾਰਨ ਵੱਡਾ ਵੱਡਾ ਘਾਹ ਉੱਗਿਆ ਹੋਇਆ ਸੀ, ਜਿਸ ਕਾਰਨ ਲੱਖਾਂ ਰੁਪਏ ਨਾਲ ਬਣਾਏ ਗਏ ਪਸ਼ੂ ਹਸਪਤਾਲ ਦੀ ਬਿਲਡਿੰਗ ਦੀ ਹਾਲਤ ਖ਼ਸਤਾ ਹੋ ਰਹੀ ਹੈ। ਉਨਾਂ੍ਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਨੂੜ ਦੇ ਪਸ਼ੂ ਹਸਪਤਾਲ ਦੀ ਚਾਰ ਦੀਵਾਰੀ ਕਰਵਾਉਣ ਅਤੇ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਲ ਹੀ ਨਸ਼ੇੜੀਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਪਸ਼ੂ ਪਾਲਕਾਂ ਨੂੰ ਕੁਝ ਰਾਹਤ ਦਿਵਾਈ ਜਾ ਸਕੇ। ਇਸ ਮਾਮਲੇ ਬਾਰੇ ਜਦੋਂ ਬਨੂੜ ਦੇ ਪਸ਼ੂ ਹਸਪਤਾਲ ਦੇ ਡਾਕਟਰ ਮੁਨੀਸ਼ ਕੁਮਾਰ ਨਾਲ ਸਪੰਰਕ ਕੀਤਾ ਗਿਆ ਤਾਂ ਉਨਾਂ੍ਹ ਮੰਨਿਆ ਕਿ ਹਸਪਤਾਲ ਵਿਚ ਛੁੱਟੀ ਤੋਂ ਬਾਅਦ ਵਿੱਚ ਨਸ਼ੇੜੀਆਂ ਦੀ ਭਰਮਾਰ ਹੁੰਦੀ ਹੈ। ਉਨਾਂ ਕਿਹਾਕਿ ਉਹ ਖੁਦ ਤੇ ਉਨ੍ਹਾਂ ਦਾ ਸਟਾਫ ਇਨ੍ਹਾਂ ਨਸ਼ੇੜੀ ਨੌਜਵਾਨਾਂ ਦੇ ਚਲਦੇ ਡਰ ਦੇ ਸਾਏ ਹੇਠ ਨੌਕਰੀ ਕਰਨ ਲਈ ਮਜਬੂਰ ਹਨ। ਉਨਾਂ ਕਿਹਾਕਿ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨਾਂ੍ਹ ਅੱਗੇ ਕਿਹਾ ਕਿ ਹਸਪਤਾਲ ਦੀ ਚਾਰ ਦੀਵਾਰੀ ਨਾ ਹੋਣ ਕਾਰਨ ਨੇੜਲੇ ਲੋਕ ਆਪਣੀਆਂ ਟਰਾਲੀਆਂ ਤੇ ਹੋਰ ਵਾਹਨਾਂ ਨੂੰ ਖੜ੍ਹਾ ਕਰ ਰਹੇ ਹਨ। ਇਸ ਬਾਰੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ।