ਤਰਨਤਾਰਨ, 16 ਅਪ੍ਰੈਲ 2023- ਭਗੌੜੇ ਵੱਖਵਾਦੀ ਅੰਮ੍ਰਿਤਪਾਲ ਸਿੰਘ ਦੇ ਤਰਨਤਾਰਨ ‘ਚ ਲੁਕੇ ਹੋਣ ਦੀ ਸੂਚਨਾ ਦੇ ਆਧਾਰ ‘ਤੇ ਜ਼ਿਲ੍ਹਾ ਪੁਲਿਸ ਨੇ ਐਤਵਾਰ ਨੂੰ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕਰ ਕੇ ਲੰਘ ਰਹੇ ਵਾਹਨਾਂ ਦੀ ਚੈਕਿੰਗ ਕੀਤੀ।
ਪੰਜਾਬ ਪੁਲਿਸ ਨੂੰ ਖੁਫੀਆ ਏਜੰਸੀਆਂ ਤੋਂ ਸੂਚਨਾ ਮਿਲ ਰਹੀ ਸੀ ਕਿ ਅੰਮ੍ਰਿਤਪਾਲ ਆਪਣੇ ਸਾਥੀਆਂ ਪਪਲਪ੍ਰੀਤ ਸਿੰਘ ਤੇ ਜੋਗਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇਕੱਲਾ ਰਹਿ ਗਿਆ ਹੈ।
ਇਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਫਿਰੋਜ਼ਪੁਰ, ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਅੰਮ੍ਰਿਤਪਾਲ ਨੂੰ ਫੜਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਪੁਲਿਸ ਨੇ ਐਤਵਾਰ ਰਾਤ ਖੇਮਕਰਨ, ਪੱਟੀ, ਕੋਟ ਬੁੱਢਾ, ਹਰੀਕੇ ਪੱਤਣ ਦੇ ਇਲਾਕਿਆਂ ‘ਚ ਛਾਪੇਮਾਰੀ ਕੀਤੀ, ਜਦਕਿ ਐਤਵਾਰ ਨੂੰ ਕੁੱਲ 31 ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ। ਵਾਹਨਾਂ ਨੂੰ ਰੋਕ ਕੇ ਦਸਤਾਵੇਜ਼ਾਂ ਦੀ ਚੈਕਿੰਗ ਕਰਦੇ ਸਮੇਂ ਲੋਕਾਂ ਦੇ ਸ਼ਨਾਖਤੀ ਕਾਰਡ ਵੀ ਚੈੱਕ ਕੀਤੇ ਗਏ।