Saturday, March 15, 2025
Google search engine
HomePunjabਪਰਾਲੀ ਦਾ ਨਿਪਟਾਰਾ ਯਕੀਨੀ ਬਣਾਉਣ ਲਈ ਘੱਟੋ-ਘੱਟ 20 ਫ਼ੀਸਦੀ ਪਰਾਲੀ ਭੱਠਾ ਮਾਲਕ...

ਪਰਾਲੀ ਦਾ ਨਿਪਟਾਰਾ ਯਕੀਨੀ ਬਣਾਉਣ ਲਈ ਘੱਟੋ-ਘੱਟ 20 ਫ਼ੀਸਦੀ ਪਰਾਲੀ ਭੱਠਾ ਮਾਲਕ ਵਰਤਣ- ਜੌੜਾਮਾਜਰਾ

ਚੰਡੀਗੜ੍ਹ, 07 ਦਸੰਬਰ 2023 –  ਖਣਨ ਅਤੇ ਭੂ-ਵਿਗਿਆਨ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਸਤੀਆਂ ਦਰਾਂ ’ਤੇ ਰੇਤਾ-ਬਜਰੀ ਮਿਲਣਾ ਯਕੀਨੀ ਬਣਾਉਣ, ਗੈਰ-ਕਾਨੂੰਨੀ ਮਾਈਨਿੰਗ ਨੂੰ ਠੱਲ੍ਹ ਪਾਉਣ ਅਤੇ ਸੂਬੇ ਨੂੰ ਪ੍ਰਦੂਸ਼ਣ-ਮੁਕਤ ਕਰਨ ਲਈ ਪਰਾਲੀ ਦਾ ਨਿਪਟਾਰਾ ਯਕੀਨੀ ਬਣਾਉਣ ਲਈ ਅੱਜ ਕਰੱਸ਼ਰ ਮਾਲਕਾਂ, ਮਾਈਨਿੰਗ ਠੇਕੇਦਾਰਾਂ ਅਤੇ ਭੱਠਾ ਮਾਲਕਾਂ ਨਾਲ ਪੰਜਾਬ ਭਵਨ ਵਿਖੇ ਵੱਖੋ-ਵੱਖ ਮੀਟਿੰਗਾਂ ਕੀਤੀਆਂ ।

ਉਨ੍ਹਾਂ ਭੱਠਾ ਮਾਲਕਾਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਪਰਾਲੀ ਦਾ ਨਿਪਟਾਰਾ ਕਰਨਾ ਵੱਡਾ ਮੁੱਦਾ ਹੈ। ਇਸ ਲਈ ਸੂਬੇ ਨੂੰ ਪ੍ਰਦੂਸ਼ਣ-ਮੁਕਤ ਕਰਨ ਦੇ ਉਦਮਾਂ ਤਹਿਤ ਭੱਠਾ ਮਾਲਕ ਘੱਟੋ-ਘੱਟ 20 ਫ਼ੀਸਦੀ ਪਰਾਲੀ ਆਪਣੇ ਭੱਠਿਆਂ ਵਿਚ ਵਰਤਣ। ਉਨ੍ਹਾਂ ਕਿਹਾ ਕਿ ਛੇਤੀ ਹੀ ਭਾਈਵਾਲ ਵਿਭਾਗਾਂ ਜਿਵੇਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਵਾਤਾਵਰਣ ਵਿਭਾਗ ਅਤੇ ਭੱਠਾ ਮਾਲਕਾਂ ਨਾਲ ਮੀਟਿੰਗ ਕਰਕੇ ਇਸ ਸਬੰਧੀ ਅਗਲੀ ਕਾਰਵਾਈ ਉਲੀਕੀ ਜਾਵੇਗੀ।

ਜੌੜਾਮਾਜਰਾ ਨੇ ਭੱਠਾ ਮਾਲਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ 2 ਹੈਕਟੇਅਰ ਤੱਕ ਮਿੱਟੀ ਪੁੱਟਣ ਦੀ ਇਜਾਜ਼ਤ ਦੇਣ ਦੀ ਰੱਖੀ ਗਈ ਮੁੱਖ ਮੰਗ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ ਅਤੇ ਇਸ ਸਬੰਧੀ ਛੇਤੀ ਹੀ ਫ਼ੈਸਲਾ ਲਿਆ ਜਾਵੇਗਾ ਜਿਸ ਨਾਲ ਉਨ੍ਹਾਂ ਦੀ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ।

ਜੌੜਾਮਾਜਰਾ ਨੇ ਮਾਈਨਿੰਗ ਠੇਕੇਦਾਰਾਂ ਨਾਲ ਮੀਟਿੰਗ ਦੌਰਾਨ ਪਾਰਦਰਸ਼ੀ ਅਤੇ ਸਾਫ਼-ਸੁਥਰੇ ਢੰਗ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮਾਈਨਿੰਗ ਠੇਕੇਦਾਰ ਕਾਨੂੰਨੀ ਤਰੀਕੇ ਨਾਲ ਖਣਨ ਗਤੀਵਿਧੀਆਂ ਕਰ ਰਹੇ ਹਨ, ਇਸ ਲਈ ਪ੍ਰਸ਼ਾਸਨਿਕ ਅਮਲੇ ਰਾਹੀਂ ਉਨ੍ਹਾਂ ਨੂੰ ਪੂਰੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਗ.ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ ਜਿਸ ਨਾਲ ਕਾਨੂੰਨੀ ਢੰਗ ਨਾਲ ਮਾਈਨਿੰਗ ਕਰ ਰਹੇ ਠੇਕੇਦਾਰਾਂ ਨੂੰ ਨਿਰੰਤਰ ਫ਼ਾਇਦਾ ਹੋਣਾ ਤੈਅ ਹੈ। ਇਸ ਦੌਰਾਨ ਮਾਈਨਿੰਗ ਠੇਕੇਦਾਰਾਂ ਵੱਲੋਂ ਖਣਨ ਲਈ ਪੌਕਲੇਨ ਮਸ਼ੀਨਾਂ ਵਰਤਣ ਦੀ ਮੰਗ ’ਤੇ ਮੰਤਰੀ ਨੇ ਕਿਹਾ ਕਿ ਇਸ ਮੰਗ ਸਬੰਧੀ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।

ਇਸੇ ਤਰ੍ਹਾਂ ਕਰੱਸ਼ਰ ਮਾਲਕਾਂ ਨਾਲ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਕਿਫ਼ਾਇਤੀ ਦਰਾਂ ’ਤੇ ਰੇਤ-ਬਜਰੀ ਮੁਹੱਈਆ ਕਰਾਉਣ ਲਈ ਅਤੇ ਕਰੱਸ਼ਰ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਸੂਬਿਆਂ ਦੀਆਂ ਨੀਤੀਆਂ ਨੂੰ ਘੋਖੇਗੀ। ਕਰੱਸ਼ਰ ਮਾਲਕਾਂ ਵੱਲੋਂ ਮਾਈਨਿੰਗ ਵਾਲੀਆਂ ਥਾਵਾਂ ਲੀਜ਼ ’ਤੇ ਦੇਣ ਦੀ ਮੰਗ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਵਿਚਾਰ ਕੀਤਾ ਜਾਵੇਗਾ ਅਤੇ ਛੇਤੀ ਹੀ ਕੋਈ ਢੁਕਵਾਂ ਫ਼ੈਸਲਾ ਲਿਆ ਜਾਵੇਗਾ।

ਜੌੜਾਮਾਜਰਾ ਨੇ ਖਣਨ ਵਿਭਾਗ ਦੇ ਅਧਿਕਾਰੀਆਂ ਨੂੰ ਸਸਤੇ ਭਾਅ ’ਤੇ ਰੇਤ-ਬਜਰੀ ਮੁਹੱਈਆ ਕਰਾਉਣ ਲਈ ਨਿਕਾਸੀ ਵਧਾਉਣ ਸਬੰਧੀ ਵਿਉਂਤਬੰਦੀ ਕਰਨ ਲਈ ਕਿਹਾ ਸੀ। ਉਨ੍ਹਾਂ ਜ਼ਿਲ੍ਹਾ ਸਰਵੇਖਣ ਰਿਪੋਰਟਾਂ ਵਿਚ ਹੋਰ ਸੰਭਾਵਿਤ ਸਾਈਟਾਂ ਨੂੰ ਸ਼ਾਮਲ ਕਰਕੇ ਅਤੇ ਸਾਰੀਆਂ ਮਾਈਨਿੰਗ ਸਾਈਟਾਂ ’ਤੇ ਕਾਰਵਾਈਆਂ ਸ਼ੁਰੂ ਕਰਕੇ ਅਤੇ ਖਣਿਜਾਂ ਦੀ ਨਿਕਾਸੀ ਨੂੰ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਜਿਸ ਨਾਲ ਬਾਜ਼ਾਰ ਵਿੱਚ ਰੇਤ ਤੇ ਬਜਰੀ ਦੀ ਉਪਲਬਧਤਾ ਵਧਣਾ, ਕੀਮਤਾਂ ਘਟਾਉਣ ਵਿੱਚ ਮਦਦ ਮਿਲਣਾ ਅਤੇ ਗ਼ੈਰ -ਕਾਨੂੰਨੀ ਮਾਈਨਿੰਗ ਨੂੰ ਕਰੜੇ ਹੱਥੀਂ ਠੱਲ੍ਹ ਪਾਉਣਾ ਯਕੀਨੀ ਬਣੇਗਾ।

 

RELATED ARTICLES
- Advertisment -
Google search engine

Most Popular

Recent Comments