ਨੂਰਪੁਰਬੇਦੀ ਖੇਤਰ ’ਚ ਰੋਜ਼ਾਨਾ ਵਾਪਰ ਰਹੀਆਂ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕ ਖੌਫ਼ਜਦਾ ਹੈ ਜਿਸ ਨੂੰ ਲੈ ਕੇ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਅੱਜ ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਪੁਲਿਸ ਚੌਕੀ ਹਰੀਪੁਰ ਲਾਗੇ 2 ਵੱਖ-ਵੱਖ ਮੋਟਰਸਾਈਕਲਾਂ ’ਤੇ ਸਵਾਰ 3 ਲੁਟੇਰਿਆਂ ਨੇ ਐਕਟਿਵਾ ਸਵਾਰ 2 ਔਰਤਾਂ ’ਚੋਂ ਇਕ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਫ਼ਰਾਰ ਹੋ ਗਏ। ਇਸ ਵਾਰਦਾਤ ਨੇ ਪੁਲਿਸ ਵੱਲੋਂ ਗਸ਼ਤ ਵਧਾਏ ਜਾਣ ਦੇ ਦਾਅਵਿਆਂ ਦੀ ਵੀ ਹਵਾ ਨਿਕਾਲ ਦਿੱਤੀ ਹੈ।
ਵਾਰਦਾਤ ਸਬੰਧੀ ਟਿੱਬਾ ਟੱਪਰੀਆਂ ਦੇ ਮਹਿੰਦਰ ਕੋਹਲੀ ਨੇ ਦੱਸਿਆ ਕਿ ਉਸਦੀ ਭਰਜਾਈ ਸੋਨੀ ਦੇਵੀ ਪਤਨੀ ਜਸਵੰਤ ਸਿੰਘ ਆਪਣੀ ਸਹੇਲੀ ਨਾਲ ਐਕਟਿਵਾ ’ਤੇ ਜਦੋਂ ਪਿੰਡ ਧਮਾਣਾ ਤੋਂ ਟਿੱਬਾ ਟੱਪਰੀਆਂ ਨੂੰ ਆ ਰਹੀ ਸੀ ਤਾਂ ਸੌ ਖੱਡ ਨਜ਼ਦੀਕ ਜਿਵੇਂ ਹੀ ਉਨ੍ਹਾਂ ਨੇ ਸਕੂਟੀ ਹੌਲੀ ਕੀਤੀ ਤਾਂ ਪਹਿਲਾਂ ਤੋਂ ਉਥੇ ਖੜ੍ਹੇ 3 ਨੌਜਵਾਨਾਂ ’ਚੋਂ ਇਕ ਨੇ ਭਰਜਾਈ ਦੇ ਕੰਨ ’ਚੋਂ ਸੋਨੇ ਦੀ ਵਾਲੀ ਧੂਹ ਲਈ। ਜਿਸ ’ਤੇ ਔਰਤ ਨੇ ਲੁਟੇਰੇ ਦੇ ਥੱਪੜ ਮਾਰ ਦਿੱਤਾ। ਇਸ ਤੋਂ ਤੁਰੰਤ ਬਾਅਦ ਇਕ ਲੁਟੇਰੇ ਨੇ ਉਸ ’ਤੇ ਪਿਸਤੌਲ ਤਾਣ ਦਿੱਤੀ ਜਿਸ ’ਤੇ ਉਸਨੇ ਡਰਦੇ ਹੋਏ ਦੂਜੀ ਵਾਲੀ ਵੀ ਲਾਹ ਕੇ ਲੁਟੇਰਿਆਂ ਨੂੰ ਦੇ ਦਿੱਤੀ। ਉੱਥੋਂ ਗੁਜ਼ਰ ਰਹੇ ਇਕ ਟ੍ਰੈਕਟਰ ਚਾਲਕ ਨੇ ਦੱਸਿਆ ਕਿ 2 ਮੋਟਰਸਾਈਕਲਾਂ ’ਤੇ ਸਵਾਰ 3 ਨੌਜਵਾਨਾਂ ’ਚੋਂ ਇਕ ਦੇ ਹੱਥ ’ਚ ਪਿਸਤੌਲ ਸੀ। ਭਾਵੇਂ ਉਸਨੇ ਸੜਕ ਦੇ ਵਿਚਕਾਰ ਟ੍ਰੈਕਟਰ ਲਗਾ ਕੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਫ਼ਰਾਰ ਹੋਣ ’ਚ ਸਫਲ ਹੋ ਗਏ।
ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਪਿੰਡ ਸਸਕੌਰ, ਭੱਟੋਂ ਅਤੇ ਬੈਂਸ ਵਿਖੇ ਔਰਤਾਂ ਤੋਂ ਵਾਲੀਆਂ ਖੋਹਣ ਦੀਆਂ 3 ਘਟਨਾਵਾਂ ਵਾਪਰ ਚੁੱਕੀਆਂ ਹਨ ਜਿਸ ਸਬੰਧੀ ਪੁਲਿਸ ਦੇ ਹੱਥ ਅਜੇ ਤਾਈਂ ਕੋਈ ਸੁਰਾਗ ਨਹੀਂ ਲੱਗਾ ਹੈ। ਲੋਕਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਉਕਤ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਜਾਣ।