ਚੰਡੀਗੜ੍ਹ 15 ਅਪ੍ਰੈਲ 2023- ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਪਿਛਲੇ 29 ਦਿਨਾਂ ਤੋਂ ਫਰਾਰ ਹੈ। ਪੰਜਾਬ ਪੁਲਿਸ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ ਹੈ। ਹੁਣ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੇ ਅੰਮ੍ਰਿਤਪਾਲ ਦੇ ਭੱਜਣ ਸਮੇਂ ਮਦਦ ਕੀਤੀ ਸੀ। ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਦੋਵੇਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਕਪੂਰਥਲਾ ਤੋਂ ਇੱਕ ਵਕੀਲ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਵਕੀਲ ਨੇ ਸੋਸ਼ਲ ਮੀਡੀਆ ‘ਤੇ ਅੰਮ੍ਰਿਤਪਾਲ ਨਾਲ ਸਬੰਧਤ ਪੋਸਟ ਪਾਈ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਵਕੀਲ ਦੀ ਪਛਾਣ ਰਾਜਦੀਪ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ।
ਪੁਲੀਸ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਦੀ ਹੁਸ਼ਿਆਰਪੁਰ ਵਿੱਚ ਉਸ ਦੇ ਦੋ ਸਾਥੀਆਂ ਵੱਲੋਂ ਆਰਥਿਕ ਮਦਦ ਕੀਤੀ ਗਈ ਸੀ। ਉਹਨਾਂ ਵੱਲੋਂ 90 ਹਜ਼ਾਰ ਰੁਪਏ ਦਿੱਤੇ ਗਏ,ਤਾਂ ਜੋ ਉਹ ਆਪਣੇ ਲਈ ਸੁਰੱਖਿਅਤ ਥਾਂ ਲੱਭ ਸਕੇ। ਇਹ ਵੀ ਪਤਾ ਲੱਗਾ ਹੈ ਕਿ ਇਹ ਰਕਮ ਵਿਦੇਸ਼ ਤੋਂ ਉਹਨਾਂ ਕੋਲ ਪਹੁੰਚੀ ਸੀ। ਪੁਲਿਸ ਨੇ ਜਾਂਚ ਅਤੇ ਸੂਚਨਾ ਮਿਲਣ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ। ਜਾਂਚ ਅਜੇ ਜਾਰੀ ਹੈ, ਜਿਸ ਕਾਰਨ ਕੋਈ ਵੀ ਅਧਿਕਾਰੀ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਤਿਆਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਵਿਸਾਖੀ ਮੌਕੇ ਤਲਵੰਡੀ ਸਾਬੋ ਵਿੱਚ ਅੰਮ੍ਰਿਤਪਾਲ ਵੱਲੋਂ ਆਤਮ ਸਮਰਪਣ ਕਰਨ ਦੀ ਗੱਲ ਚੱਲ ਰਹੀ ਸੀ, ਪਰ ਅਜਿਹਾ ਨਹੀਂ ਹੋਇਆ। ਪੁਲਿਸ ਨੇ ਅੰਮ੍ਰਿਤਪਾਲ ਦੀ ਭਾਲ ਤੇਜ਼ ਕਰਦੇ ਹੋਏ ਅੰਮ੍ਰਿਤਸਰ, ਗੁਰਦਾਸਪੁਰ ਸਮੇਤ ਕਈ ਜਨਤਕ ਥਾਵਾਂ ‘ਤੇ ਉਸ ਦੇ ਪੋਸਟਰ ਲਗਾਏ ਹਨ।