ਜਲੰਧਰ, 18 ਨਵੰਬਰ 2023- ਪ੍ਰਸਿੱਧ ਸਿਨੇਮਾਟੋਗ੍ਰਾਫਰ ਵਿਜੇ ਮੇਘਰਾਜ (74) ਦਾ ਮੁੰਬਈ ‘ਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਛੇ ਸਾਲਾਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ। ਉਹ ਆਪਣੇ ਪਿੱਛੇ ਆਪਣੀ ਪਤਨੀ ਮੰਗਲਾ ਤੇ ਦੋ ਧੀਆਂ ਭਗਤੀ ਤੇ ਸ਼ਰਧਾ ਛੱਡ ਗਏ ਹਨ। ਸ਼ੁੱਕਰਵਾਰ ਨੂੰ ਮੁੰਬਈ ‘ਚ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਧੀ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਦਿੱਤੀ।
ਬੰਗਲੌਰ ਦੇ ਜੰਮਪਲ਼ ਮੇਘਰਾਜ ਪਿਛਲੇ ਛੇ ਮਹੀਨਿਆਂ ਤੋਂ ਇੰਗਲੈਂਡ ‘ਚ ਰਹਿੰਦੀਆਂ ਆਪਣੀਆਂ ਧੀਆਂ ਕੋਲ ਰਹਿ ਰਹੇ ਸਨ। ਹਾਲੇ ਕੁਝ ਦਿਨ ਪਹਿਲਾਂ ਹੀ ਉਹ ਸਿਹਤ ਵਧੇਰੇ ਖ਼ਰਾਬ ਹੋ ਜਾਣ ਕਰਕੇ ਇੰਗਲੈਂਡ ਤੋਂ ਮੁੰਬਈ ਪਰਤੇ ਸਨ।
ਮੰਗਲਾ ਮੇਘਰਾਜ ਨੇ ਦੱਸਿਆ ਕਿ ਮੁੰਬਈ ਪਰਤਣ ‘ਤੇ ਉਨ੍ਹਾਂ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੀ ਕੈਂਸਰ ਦੀ ਬਿਮਾਰੀ ਬਾਰੇ ਫ਼ਿਲਮ ਜਗਤ ਵਿੱਚ ਕਿਸੇ ਨੂੰ ਵੀ ਨਹੀਂ ਸੀ ਪਤਾ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਨੂੰ ਇਸ ਬਾਰੇ ਦੱਸਿਆ। ਦਰਅਸਲ, ਉਹ ਨਹੀਂ ਚਾਹੁੰਦੇ ਸਨ ਕਿ ਕਿਸੇ ਨੂੰ ਉਨ੍ਹਾਂ ਦੀ ਬਿਮਾਰੀ ਬਾਰੇ ਪਤਾ ਲੱਗੇ।
ਉਹ ਚੁੱਪ–ਚੁਪੀਤੇ ਇਲਾਜ ਕਰਾਉਂਦੇ ਰਹੇ। ਉਨ੍ਹਾਂ ਦੀ ਪੰਜਾਬੀ ਦੀ ਆਖ਼ਰੀ ਫਿਲਮ ਹਰਭਜਨ ਮਾਨ ਵਾਲੀ ‘ਗ਼ੱਦਾਰ’ ਸੀ, ਜਿਸ ਦੀ ਉਨ੍ਹਾਂ ਨੇ ਬਹੁਤ ਖ਼ੂਬਸੂਰਤ ਫੋਟੋਗ੍ਰਾਫ਼ੀ ਕੀਤੀ। ਇਹ ਫਿਲਮ 2015 ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਦਾ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਤੇਰੀਆਂ ਮੁਹੱਬਤਾਂ’, ‘ਕਤਲੇਆਮ’ ਅਤੇ ਕੁਝ ਹੋਰ ਫਿਲਮਾਂ ਦੀ ਸਿਨੇਮੈਟੋਗ੍ਰਾਫੀ ਵੀ ਕੀਤੀ ਸੀ।
ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਅਵਤਾਰ ਗਿੱਲ, ਵਿਜੇ ਟੰਡਨ, ਸੁਖਮਿੰਦਰ ਧੰਜਲ, ਇਕਬਾਲ ਚਾਨਾ, ਏਕਤਾ ਬੀ ਪੀ ਸਿੰਘ, ਸਰਦਾਰ ਸੋਹੀ ਜਿਹੀਆਂ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਸ਼ੋਕ ਪ੍ਗਟਾਉਂਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।