ਅੰਮ੍ਰਿਤਸਰ,20 ਜੁਲਾਈ 2023- ਸੰਸਥਾਗਤ ਜਣੇਪੇ ਨੂੰ ਉਤਸ਼ਾਹਿਤ ਕਰਨ ਵਾਲੀ ਸਰਕਾਰ ਅਜੇ ਵੀ ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਘੱਟ ਨਹੀਂ ਕਰ ਸਕੀ। ਜਣੇਪੇ ਦੌਰਾਨ ਜਾਂ ਬਾਅਦ ’ਚ ਸਰਕਾਰੀ ਹਸਪਤਾਲਾਂ ’ਚ ਗਰਭਵਤੀ ਔਰਤਾਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਲੰਘੇ ਅਪ੍ਰੈਲ ਤੋਂ ਲੈ ਕੇ ਜੂਨ ਮਹੀਨੇ ਵਿਚਕਾਰ ਸਰਕਾਰੀ ਹਸਪਤਾਲਾਂ ’ਚ 87 ਗਰਭਵਤੀ ਔਰਤਾਂ ਦੀ ਮੌਤ ਹੋਈ ਹੈ। ਇਨ੍ਹਾਂ ’ਚੋਂ ਸਭ ਤੋਂ ਵੱਧ 40 ਮੌਤਾਂ ਸਰਹੱਦੀ ਚਾਰ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੇ ਗੁਰਦਾਸਪੁਰ ’ਚ ਹੋਈਆਂ ਹਨ। ਸਿਹਤ ਵਿਭਾਗ ਨੇ ਇਨ੍ਹਾਂ ਮੌਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਚਾਰਾਂ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਤੋਂ ਇਸ ਸਬੰਧੀ ਰਿਪੋਰਟ ਤਲਬ ਕਰ ਲਈ ਹੈ।
ਸਿਹਤ ਵਿਭਾਗ ਦੇ ਪੱਤਰ ਰਾਹੀਂ ਸਾਹਮਣੇ ਆਏ ਅੰਕੜੇ ਦੱਸਦੇ ਹਨ ਕਿ ਇਸ ਸਾਲ ਦੇ ਅਪ੍ਰੈਲ ਮਹੀਨੇ ਤੋਂ ਲੈ ਕੇ ਪਿਛਲੇ ਜੂਨ ਮਹੀਨੇ ਦੌਰਾਨ ਚਾਰ ਸਰਹੱਦੀ ਸੂਬਿਆਂ ’ਚ 40 ਗਰਭਵਤੀ ਔਰਤਾਂ ਦੀ ਮੌਤ ਹੋਈ ਹੈ। ਇਨ੍ਹਾਂ ’ਚੋਂ ਸਭ ਤੋਂ ਵੱਧ 16 ਮੌਤਾਂ ਅੰਮ੍ਰਿਤਸਰ ’ਚ ਹੋਈਆਂ ਹਨ। ਤਰਨਤਾਰਨ ’ਚ 10, ਫਿਰੋਜ਼ਪੁਰ ਤੇ ਗੁਰਦਾਸਪੁਰ ’ਚ 7-7 ਗਰਭਵਤੀ ਔਰਤਾਂ ਦੀ ਮੌਤ ਹੋਈ ਹੈ।Ads by Jagran.TV
ਅੰਮ੍ਰਿਤਸਰ ’ਚ ਸਰਕਾਰੀ ਮੈਡੀਕਲ ਕਾਲਜ ਦੇ ਗਾਇਨੀਕੋਲੋਜੀ ਵਿਭਾਗ ’ਚ ਹੋਈ 16 ਗਰਭਵਤੀ ਔਰਤਾਂ ਦੀ ਮੌਤ ’ਚੋਂ ਅੱਠ ਦੀ ਮੌਤ ਜਣੇਪੇ ਤੋਂ ਬਾਅਦ ਗਈ, ਜਦਕਿ ਬਾਕੀ ਅੱਠ ਨੇ ਡਿਲੀਵਰੀ ਦੌਰਾਨ ਦਮ ਤੋੜਿਆ। ਮੈਡੀਕਲ ਕਾਲਜ ਦਾ ਮਹਿਲਾ ਵਿਭਾਗ ਸਿਰਫ਼ ਚਾਰ ਔਰਤਾਂ ਦੀ ਮੌਤ ਦਾ ਕਾਰਨ ਦੱਸ ਸਕਿਆ ਹੈ। ਇਹ ਖੂਨ ਦੀ ਕਮੀ ਤੇ ਨਵਜੰਮੇ ਬੱਚੇ ਦੇ ਗਰਭਪਾਤ ਕਾਰਨ ਹੋਈਆਂ ਹੈ। ਇਨ੍ਹਾਂ ਗਰਭਵਤੀ ਔਰਤਾਂ ’ਚ ਇਕ 17 ਸਾਲਾ ਨਾਬਾਲਗ ਵੀ ਸ਼ਾਮਲ ਹੈ। ਇਸੇ ਤਰ੍ਹਾਂ ਤਰਨਤਾਰਨ ਜ਼ਿਲ੍ਹੇ ’ਚ ਹੋਈਆਂ 10 ਮੌਤਾਂ ਚੋਂ ਦੋ ਔਰਤਾਂ ਦੀ ਮੌਤ ਨਿੱਜੀ ਹਸਪਤਾਲ ’ਚ ਹੋਈ। ਇਸੇ ਜ਼ਿਲ੍ਹੇ ਦੀਆਂ ਚਾਰ ਔਰਤਾਂ ਦੀ ਮੌਤ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਹੋਈ। ਜਦਕਿ ਇਕ ਔਰਤ ਨੇ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ’ਚ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਇਕ ਔਰਤ ਦੀ ਜਾਨ ਘਰ ’ਚ ਹੀ ਚਲੀ ਗਈ। ਇਸੇ ਜ਼ਿਲ੍ਹੇ ਦੀ ਇਕ ਹੋਰ ਔਰਤ ਦੀ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋਈ।
ਫਿਰੋਜ਼ਪੁਰ ਜ਼ਿਲ੍ਹੇ ’ਚ ਹੋਈਆਂ 7 ਮੌਤਾਂ ’ਚੋਂ ਇਕ ਮੌਤ ਘਰ ’ਚ ਹੀ ਹੋ ਗਈ ਜਦਕਿ ਦੋ ਔਰਤਾਂ ਨੇ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ। ਤਿੰਨ ਮੌਤਾਂ ਸਰਕਾਰੀ ਮੈਡੀਕਲ ਕਾਲਜ ’ਚ ਸਥਿਤ ਗਾਇਨੀਕੋਲੋਜੀ ਵਿਭਾਗ ’ਚ ਹੋਈਆਂ। ਇਕ ਦੀ ਮੌਤ ਲੁਧਿਆਣਾ ਦੇ ਦਇਆਨੰਦ ਮੈਡੀਕਲ ਕਾਲਜ ’ਚ ਹੋ ਗਈ।
ਗੁਰਦਾਸਪੁਰ ਜ਼ਿਲ੍ਹੇ ’ਚ ਤਿੰਨ ਦੀ ਮੌਤ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ’ਚ ਇਲਾਜ ਦੌਰਾਨ ਹੋਈ। ਇਕ ਔਰਤ ਦੀ ਮੌਤ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ’ਚ ਹੋ ਗਈ। ਦੋ ਔਰਤਾਂ ਦੀ ਮੌਤ ਘਰ ’ਚ ਹੋਈ ਤੇ ਇਕ ਗਰਭਵਤੀ ਨੇ ਘਰ ਤੋਂ ਹਸਪਤਾਲ ਜਾਂਦੇ ਸਮੇਂ ਦਮ ਤੋੜ ਦਿੱਤਾ।
ਜ਼ਿਆਦਾਤਰ ਔਰਤਾਂ ਦੀ ਮੌਤ ਦਾ ਕਾਰਨ ਅਨੀਮੀਆ, ਬਲੱਡ ਪ੍ਰੈਸ਼ਰ, ਦਿਲ ਦਾ ਦੌਰਾ, ਛਾਤੀ ਦਾ ਕੈਂਸਰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਸਹੀ ਕਾਰਨ ਸਿਰਫ਼ ਹਸਪਤਾਲ ਹੀ ਦੱਸ ਸਕਦੇ ਹਨ। ਇਸ ਲਈ ਸਿਹਤ ਵਿਭਾਗ ਨੇ ਉਪਰੋਕਤ ਚਾਰਾਂ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਪੱਤਰ ਜਾਰੀ ਕਰਕੇ ਮੌਤ ਦੇ ਕਾਰਨਾਂ ਦੀ ਮੁਕੰਮਲ ਜਾਂਚ ਸਮੇਤ ਰਿਪੋਰਟ ਮੰਗੀ ਹੈ। ਸਿਹਤ ਵਿਭਾਗ ਦੇ ਡਾਇਰੈਕਟਰ ਨੇ ਸਿਵਲ ਸਰਜਨਾਂ ਨੂੰ ਇਨ੍ਹਾਂ ਮੌਤਾਂ ਦੀ ਸਮੀਖਿਆ ਤੇ ਵਿਸ਼ਲੇਸ਼ਣ ਕਰਨ ਲਈ ਕਿਹਾ ਹੈ। ਇਹ ਵੀ ਪੁੱਛਿਆ ਹੈ ਕਿ ਕਿਸ ਕਮਜ਼ੋਰੀ ਕਾਰਨ ਇਹ ਮੌਤਾਂ ਹੋਈਆਂ ਹਨ। ਵਿਭਾਗ ਨੇ ਮਾਵਾਂ ਦੀ ਮੌਤ ਦਰ ਘਟਾਉਣ ਲਈ ਇੱਕ ਮਜ਼ਬੂਤ ਕਾਰਜ ਯੋਜਨਾ ਬਣਾਉਣ ਲਈ ਵੀ ਕਿਹਾ ਹੈ।