ਚੰਡੀਗੜ੍ਹ, 20 ਅਕਤੂਬਰ 2023- ਪੰਜਾਬ ਵਿਧਾਨ ਸਭਾ ਦੇ ਇਤਿਹਾਸ ’ਚ ਪਹਿਲੀ ਵਾਰ ਸਮੁੱਚੀ ਕਾਰਵਾਈ ਪੇਪਰਲੈੱਸ ਹੋਵੇਗੀ। ਸੈਸ਼ਨ ਸਵੇਰੇ ਗਿਆਰਾਂ ਵਜੇ ਸ਼ੁਰੂ ਹੋਵੇਗਾ। ਜਿੱਥੇ ਵਿਧਾਨ ਸਭਾ ਸਕੱਤਰੇਤ ਨੇ ਮੈਂਬਰਾਂ ਨੂੰ ਆਨਲਾਈਨ ਸੂਚਨਾਂ ਉਪਲਬਧ ਕਰਵਾਉਣ ਦੀ ਪੂਰੀ ਤਿਆਰੀ ਖਿੱਚੀ ਹੋਈ ਹੈ,ਉਥੇ ਕਾਂਗਰਸੀ ਵਿਧਾਇਕ ਸੈਸ਼ਨ ਦੇ ਕਾਨੂੰਨੀ ਜਾਂ ਗ਼ੈਰ ਕਾਨੂੰਨੀ ਹੋਣ ਨੂੰ ਲੈ ਕੇ ਦੁਚਿੱਤੀ ਵਿਚ ਫਸੇ ਹੋਏ ਹਨ, ਪਰ ਲੋਕਾਂ ਦੇ ਦਬਾਅ ਨੂੰ ਭਾਂਪਦੇ ਹੋਏ ਕਾਂਗਰਸੀ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਵਿਚ ਹਿੱਸਾ ਲੈਣ ਦਾ ਫ਼ੈਸਲਾ ਲਿਆ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪਹਿਲਾਂ ਹੀ ਸੈਸ਼ਨ ਨੂੰ ਗ਼ੈਰਕਾਨੂੰਨੀ ਦੱਸ ਚੁੱਕੇ ਹਨ ਕਿਉਕਿ ਬਜਟ ਸੈਸ਼ਨ ਤੋਂ ਬਾਅਦ ਸਦਨ ਨੂੰ ਪੱਕੇ ਤੌਰ ’ਤੇ ਉਠਾਇਆ ਨਹੀਂ ਗਿਆ।
ਜਾਣਕਾਰੀ ਅਨੁਸਾਰ ਕਾਂਗਰਸ ਨੇ ਸਰਕਾਰ ਨੂੰ ਸਦਨ ਵਿਚ ਐੱਸਵਾਈਐੱਲ, ਨਸ਼ੇ, ਅਮਨ ਕਾਨੂੰਨ ਦੀ ਸਥਿਤੀ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਸਮੇਤ ਹੋਰਨਾਂ ਮੁੱਦਿਆ ’ਤੇ ਘੇਰਨ ਲਈ ਪੂਰੀ ਰਣਨੀਤੀ ਤਿਆਰ ਕੀਤੀ ਹੈ ਜਿਸ ਕਰਕੇ ਦੋ ਦਿਨਾ ਬੈਠਕ ਮੌਕੇ ਸਦਨ ’ਚ ਹੁਕਮਰਾਨ ਤੇ ਵਿਰੋਧੀ ਧਿਰ ’ਚ ਜ਼ਬਰਦਸਤ ਹੰਗਾਮਾ ਹੋਣ ਦੇ ਆਸਾਰ ਬਣੇ ਹੋਏ ਹਨ। ਖ਼ਾਸ ਕਰਕੇ ਸਤੁਲਜ ਯਮਨਾ ਸੰਪਰਕ ਨਹਿਰ ਦੇ ਮੁੱਦੇ ’ਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਵੱਲੋਂ ਹਰਿਆਣੇ ਨੂੰ ਪਾਣੀ ਦੇਣ ਦੇ ਬਿਆਨ ’ਤੇ ਕਾਂਗਰਸੀਆਂ ਨੇ ਸਦਨ ਵਿਚ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਖਿੱਚੀ ਹੋਈ ਹੈ। ਇਸ ਮੁੱਦੇ ’ਤੇ ਭਖਵੀ ਬਹਿਸ ਹੋਣ ਦੀ ਸੰਭਾਵਨਾ ਹੈ।
ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵੀਰਵਾਰ ਨੂੰ ਵਿਧਾਨ ਸਭਾ ਸਕੱਤਰੇਤ ’ਚ ਪਾਰਟੀ ਦੇ ਦਫ਼ਤਰ ਵਿਖੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ। ਦੱਸਿਆ ਜਾਂਦਾ ਹੈ ਕਿ ਮੀਟਿੰਗ ਵਿਚ ਸੈਸ਼ਨ ਦੀ ਮਾਨਤਾ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਨੇ ਖੁੱਲ੍ਹ ਕੇ ਚਰਚਾ ਕੀਤੀ ਅਤੇ ਸੈਸ਼ਨ ’ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ। ਕਈ ਵਿਧਾਇਕਾਂ ਨੇ ਦਲੀਲ ਦਿੱਤੀ ਕਿ ਜੇਕਰ ਸੈਸ਼ਨ ਦੀ ਕਾਰਵਾਈ ਵਿਚ ਹਿੱਸਾ ਨਾ ਲਿਆ ਤਾਂ ਹੁਕਮਰਾਨ ਧਿਰ ਖ਼ਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਕਹਿਣ ਦਾ ਮੌਕਾ ਮਿਲ ਜਾਵੇਗਾ ਕਿ ਕਾਂਗਰਸੀ ਸਦਨ ਤੋਂ ਭੱਜ ਗਏ ਹਨ। ਇਸ ਤਰ੍ਹਾਂ ਤੁਹਮਤਾਂ ਤੋਂ ਬਚਣ ਲਈ ਕਾਂਗਰਸੀਆਂ ਨੇ ਸਰਕਾਰ ਨੂੰ ਘੇਰਨ ਲਈ ਸਦਨ ਦੀ ਕਾਰਵਾਈ ਵਿਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਹੈ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਤੇ ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੈਸ਼ਨ ਨੂੰ ਗ਼ੈਰ ਕਾਨੂੰਨੀ ਦੱਸਿਆ ਹੈ। ਜੇਕਰ ਸੈਸ਼ਨ ਗ਼ੈਰ ਕਾਨੂੰਨੀ ਹੈ ਫਿਰ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਬਾਜਵਾ ਨੇ ਕਿਹਾ ਕਿ ਅਜੇ ਤੱਕ ਵਿਧਾਨ ਸਭਾ ’ਚ ਹੋਣ ਵਾਲੇ ਬਿਜਨਸ ਸਬੰਧੀ ਕੋਈ ਜਾਣਕਾਰੀ ਵਿਧਾਇਕਾਂ ਨੂੰ ਨਹੀਂ ਦਿੱਤੀ ਗਈ।
ਗਿਆਰਾਂ ਵਜੇ ਸ਼ੁਰੂ ਹੋਵੇਗਾ ਸੈਸ਼ਨ
ਸੈਸ਼ਨ ਸਵੇਰੇ ਗਿਆਰਾਂ ਵਜੇ ਸ਼ੁਰੂ ਹੋਵੇਗਾ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸੈਸ਼ਨ ਦੀ ਕਾਰਵਾਈ ਘੰਟੇ ਲਈ ਮੁਲਤਵੀ ਕਰ ਦਿੱਤੀ ਜਾਵੇਗੀ ਅਤੇ ਮੁੜ 12 ਵਜੇ ਵਿਧਾਨਕ ਕੰਮਕਾਜ ਹੋਵੇਗਾ। ਹਾਲਾਂਕਿ ਵਿਧਾਨ ਸਭਾ ’ਚ ਵਿਧਾਨਕ ਕੰਮਕਾਰ ਬਾਰੇ ਖ਼ਬਰ ਲਿਖੇ ਜਾਣ ਤੱਕ ਕੋਈ ਪ੍ਰੋਗਰਾਮ ਜਾਰੀ ਨਹੀਂ ਹੋਇਆ ਪਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਵਿਧਾਨਕ ਕੰਮਕਾਜ ਅਨੁਸਾਰ ਬਕਾਇਦਾ ਪ੍ਰਸ਼ਨ ਕਾਲ, ਸਿਫ਼ਰ ਕਾਲ ਤੇ ਹੋਰ ਕੰਮਕਾਰ ਹੋਵੇਗਾ।
ਜਾਣਕਾਰੀ ਅਨੁਸਾਰ ਵਿਧਾਇਕ ਮੁਲਾਜ਼ਮਾਂ ਨੂੰ ਰੋਸਟਰ ਪੁਆਇੰਟ ਮੁਤਾਬਿਕ ਤਰੱਕੀਆਂ ਦੇਣ, ਦਿੱਲੀ ਏਅਰਪੋਰਟ ਨੂੰ ਜਾਣ ਵਾਲੀਆਂ ਏਸੀ ਬੱਸਾਂ, ਪੰਚਾਇਤਾਂ ਦੀ ਕਾਰਵਾਈ ਆਨਲਾਈਨ ਕਰਨ, ਰਾਸ਼ਨ ਕਾਰਡਾਂ ਦੀ ਪੜਤਾਲ, ਰੇਤ ਦੀ ਖੁਦਾਈ ਲਈ ਪ੍ਰਾਪਤ ਅਰਜ਼ੀਆਂ, ਚਮਕੌਰ ਸਾਹਿਬ ’ਚ ਮੈਡੀਕਲ ਕਾਲਜ ਖੋਲ੍ਹਣ ਬਾਰੇ ਸਵਾਲ ਸਰਕਾਰ ਨੂੰ ਪੁੱਛ ਸਕਦੇ ਹਨ।