ਬਠਿੰਡਾ, 25 ਅਕਤੂਬਰ 2023 – ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਬਠਿੰਡਾ ’ਚੋਂ ਅੰਤਰਰਾਜੀ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਕਥਿਤ ਦੋਸ਼ੀ ਦੀ ਪਛਾਣ ਕੰਵਲਦੀਪ ਸਿੰਘ ਉਰਫ ਕਵਲ ਉਰਫ ਵਾਸੀ ਇੰਫਾਲ ਈਸਟ (ਮਨੀਪੁਰ) ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਵੱਖ–ਵੱਖ ਸੂਬਿਆਂ ਵਿਚ ਨਸ਼ਾ ਤਸਕਰੀ ਦੇ ਕੇਸ ਚੱਲ ਰਹੇ ਹਨ ਜਿਨ੍ਹਾਂ ਵਿਚੋਂ ਦਿੱਲੀ ਪੁਲਿਸ ਨੂੰ ਅਫੀਮ ਅਤੇ ਹੈਰੋਇਨ ਦੀ ਤਸਕਰੀ ਦੇ ਵੱਖ–ਵੱਖ ਮਾਮਲਿਆਂ ਵਿਚ ਲੁੜੀਂਦਾ ਸੀ।
ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਹੁਣ ਤੱਕ 500 ਕਿੱਲੋ ਤੋਂ ਵੱਧ ਹੈਰੋਇਨ ਦੀ ਤਸਕਰੀ ਕਰ ਚੁੱਕਾ ਹੈ। ਦੂਜੇ ਪਾਸੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਹੈ ਕਿ ਉਕਤ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਬਠਿੰਡਾ ’ਚੋਂ ਨਹੀਂ ਰਾਜਸਥਾਨ ’ਚੋਂ ਹੋਈ ਹੈ। ਐੱਸਐੱਸਪੀ ਅਨੁਸਾਰ ਕੰਵਲਦੀਪ ਖ਼ਿਲਾਫ਼ ਸਾਲ 2018 ਦੌਰਾਨ ਜ਼ਿਲ੍ਹੇ ਵਿਚ ਇਕ ਪਰਚਾ ਦਰਜ ਹੋਇਆ ਸੀ। ਸੂਤਰਾਂ ਅਨੁਸਾਰ ਦਿੱਲੀ ਪੁਲਿਸ ਦੇ ਸਪੈਸ਼ਲ ਵਿੰਗ ਨੇ ਇਸ ਕਾਰਵਾਈ ਨੂੰ ਟੈਕਨੀਕਲ ਵਿੰਗ ਦੀ ਸਹਾਇਤਾ ਨਾਲ ਅੰਜਾਮ ਦਿੱਤਾ ਹੈ। ਟੈਕਨੀਕਲ ਵਿੰਗ ਵੱਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਕਥਿਤ ਦੋਸ਼ੀ ਨੂੰ ਮੰਗਲਵਾਰ ਤੜਕਸਾਰ ਕਾਬੂ ਕੀਤਾ ਗਿਆ ਹੈ।
ਸੂਤਰਾਂ ਅਨੁਸਾਰ ਮੁਲਜ਼ਮ ਆਪਣੀ ਪਛਾਣ ਛੁਪਾ ਕੇ ਸਥਾਨਕ ਸ਼ਹਿਰ ਵਿਚ ਰਹਿ ਰਿਹਾ ਸੀ। ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਅੰਤਰਰਾਜੀ ਨਸ਼ਾ ਤਸਕਰ ਕੰਵਲਦੀਪ ਸਿੰਘ ਦੀ ਭਾਲ ਵਿਚ ਸੀ। ਮੁਲਜ਼ਮ ਨੂੰ ਫੜਨ ਲਈ ਟੈਕਨੀਕਲ ਵਿੰਗ ਦੀ ਸਹਾਇਤਾ ਵੀ ਲਈ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਉਕਤ ਨਸ਼ਾ ਤਸਕਰ ਬਠਿੰਡਾ ਵਿਚ ਲੁਕਿਆ ਹੋਇਆ ਹੈ, ਜਿਸ ’ਤੇ ਕਾਰਵਾਈ ਕਰਦਿਆਂ ਦਿੱਲੀ ਸਪੈਸ਼ਲ ਸੈੱਲ ਨੇ ਉਕਤ ਨਸ਼ਾ ਤਸਕਰ ਨੂੰ ਬਠਿੰਡਾ ਤੋਂ ਕਾਬੂ ਕਰ ਲਿਆ।
ਜਾਣਕਾਰੀ ਅਨੁਸਾਰ ਕੰਵਲਦੀਪ ਸਿੰਘ ਅੰਤਰਰਾਜੀ ਨਸ਼ਾ ਤਸਕਰ ਹੈ। ਉਕਤ ਵਿਅਕਤੀ ਹੁਣ ਤਕ 500 ਕਿੱਲੋ ਤੋਂ ਵੱਧ ਹੈਰੋਇਨ ਦੀ ਤਸਕਰੀ ਕਰ ਚੁੱਕਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਈ ਸੂਬਿਆਂ ਦੀ ਪੁਲਿਸ ਕੰਵਲਦੀਪ ਤੇ ਪਿੱਛੇ ਲੱਗੀ ਹੋਈ ਸੀ। ਉਕਤ ਤਸਕਰ ਦਾ ਨੈੱਟਵਰਕ ਮਨੀਪੁਰ ਤੋਂ ਲੈ ਕੇ ਪੰਜਾਬ, ਹਰਿਆਣਾ ਯੂਪੀ ਅਤੇ ਹੋਰ ਸੂਬਿਆਂ ਤਕ ਫੈਲਿਆ ਹੋਇਆ ਸੀ। ਦੂਜੇ ਪਾਸੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਇਸ ਗ੍ਰਿਫ਼ਤਾਰੀ ਤੋਂ ਇਨਕਾਰ ਕਰਦੇ ਹੋਏ ਦੱਸਿਆ ਹੈ ਕਿ ਉਕਤ ਨਸ਼ਾ ਤਸਕਰ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।