ਬਰਨਾਲਾ ਦੀ ਇਕ ਔਰਤ ਨੇ ਫ਼ਿਰੋਜ਼ਪੁਰ ਦੇ ਫ਼ੌਜੀ ਨੂੰ ਹਨੀਟ੍ਰੈਪ ਦੇ ਜਾਲ ’ਚ ਫਸਾ ਕੇ ਪੰਜਵਾਂ ਵਿਆਹ ਕਰਵਾ ਲਿਆ, ਪਰ ਫ਼ੌਜੀ ਨੂੰ ਉਸਦੇ ਪਹਿਲੇ ਚਾਰ ਵਿਆਹਾਂ ਦਾ ਪਤਾ ਲੱਗਣ ’ਤੇ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਫ਼ਿਰੋਜ਼ਪੁਰ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਫ਼ੌਜੀ ਨੇ ਦੱਸਿਆ ਕਿ ਉਸਦੀ ਬਰਨਾਲਾ ਜ਼ਿਲ੍ਹੇ ਦੇ ਕਸਬਾ ਹੰਡਿਆਇਆ ਦੀ ਰਹਿਣ ਵਾਲੀ ਹਰਮਨਦੀਪ ਕੌਰ ਨਾਲ ਦੋਸਤੀ ਇੰਟਰਨੈੱਟ ’ਤੇ ਹੋਈ ਸੀ। ਉਦੋਂ ਹਰਮਨਦੀਪ ਕੌਰ ਨੇ ਉਸ ਨੂੰ ਦੱਸਿਆ ਸੀ ਕਿ ਉਹ ਕੁਆਰੀ ਹੈ ਤੇ ਮਲੇਸ਼ੀਆ ’ਚ ਰਹਿੰਦੀ ਹੈ। ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਪਿਆਰ ’ਚ ਬਦਲ ਗਈ। ਇਸ ਦੌਰਾਨ ਉਸਨੇ ਹਰਮਨਦੀਪ ਕੌਰ ਨੂੰ ਕਾਫ਼ੀ ਮਹਿੰਗਾ ਘਰੇਲੂ ਸਾਮਾਨ ਖ਼ਰੀਦ ਕੇ ਗਿਫ਼ਟ ਵਜੋਂ ਦਿੱਤਾ। ਉਸਨੇ ਫਰਵਰੀ 2021 ’ਚ ਫ਼ਿਰੋਜ਼ਪੁਰ ਦੇ ਇਕ ਗੁਰਦੁਆਰੇ ’ਚ ਹਰਮਨਦੀਪ ਕੌਰ ਨਾਲ ਵਿਆਹ ਕਰਵਾ ਲਿਆ ਪਰ ਇਸ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਹਰਮਨਦੀਪ ਕੌਰ ਦੇ ਨਾਲ ਇਕ ਪੂਰਾ ਗਿਰੋਹ ਹੈ, ਜੋ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਕੇ ਵਿਆਹ ਕਰਵਾ ਕੇ ਠੱਗੀਆਂ ਮਾਰਦਾ ਹੈ।
ਹਨੀਟ੍ਰੈਪ ਦੇ ਉਕਤ ਮਾਮਲੇ ’ਚ ਫ਼ੌਜੀ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਉਕਤ ਹਰਮਨਦੀਪ ਕੌਰ, ਗੁਰਦੇਵ ਕੌਰ, ਸੋਨੀਆ, ਤਰਨਜੀਤ ਸਿੰਘ ਤੇ ਸੰਦੀਪ ਕੌਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਫ਼ਸਰ ਨੇ ਦੱਸਿਆ ਕਿ ਪੁਲਿਸ ਇਸ ਗਿਰੋਹ ਦੇ ਮੈਂਬਰਾਂ ਦੀ ਤਲਾਸ਼ ਕਰ ਰਹੀ ਹੈ ਤੇ ਜਲਦੀ ਹੀ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।