Saturday, November 23, 2024
Google search engine
HomePunjabਬਾਦਲ ’ਤੇ ਭੜਕੇ ਕੈਬਨਿਟ ਮੰਤਰੀ ਈਟੀਓ, ਜੌੜਾਮਾਜਰਾ ਤੇ ਵਿਧਾਇਕ ਪਠਾਣਮਾਜਰਾ

ਬਾਦਲ ’ਤੇ ਭੜਕੇ ਕੈਬਨਿਟ ਮੰਤਰੀ ਈਟੀਓ, ਜੌੜਾਮਾਜਰਾ ਤੇ ਵਿਧਾਇਕ ਪਠਾਣਮਾਜਰਾ

ਪਟਿਆਲਾ, 21 ਨਵੰਬਰ 2023 – ਪੰਜਾਬ ਦੇ ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਇਕਾਂ ਲਈ ਵਰਤੀ ਸ਼ਬਦਾਵਲੀ ਦਾ ਗੰਭੀਰ ਨੋਟਿਸ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵਾਂ ਕੈਬਨਿਟ ਮੰਤਰੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਸਲਾਹ ਦਿੱਤੀ।

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਕੇਬਲ ਮਾਫ਼ੀਆ ਅਕਾਲੀ ਸਰਕਾਰ ਸਮੇਂ ਪੈਦਾ ਹੋਇਆ ਤੇ ਪਿਛਲੇ 15 ਸਾਲਾਂ ’ਚ ਇਨ੍ਹਾਂ ਨੇ ਕੋਈ ਹੋਰ ਕੰਪਨੀ ਪੰਜਾਬ ਅੰਦਰ ਨਹੀਂ ਆਉਣ ਦਿੱਤੀ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਜਿਹੀ ਨੀਤੀ ਬਣਾ ਕੇ ਸੂਬੇ ਅੰਦਰ ਵੱਡੀਆਂ ਕੰਪਨੀਆਂ ਦੇ ਨਿਵੇਸ਼ ਲਈ ਰਸਤੇ ਖੋਲ੍ਹੇ ਅਤੇ ਹੁਣ ਵੱਡੀਆਂ ਕੰਪਨੀਆਂ ਕੇਬਲ ਦੇ ਖੇਤਰ ਵਿਚ ਵੀ ਪੰਜਾਬ ਆ ਰਹੀਆਂ ਹਨ। ਜੌੜਾਮਾਜਰਾ ਨੇ ਕਿਹਾ ਕਿ ਜੇਕਰ ਕੋਈ ਕੰਪਨੀ ਸਸਤੇ ਰੇਟ ’ਤੇ ਕੇਬਲ ਸਹੂਲਤ ਦੇ ਰਹੀ ਹੈ ਅਤੇ ਆਪ੍ਰੇਟਰ ਉਸ ਨਾਲ ਜੁੜ ਰਹੇ ਹਨ ਤਾਂ ਇਸ ਵਿਚ ਪੰਜਾਬ ਸਰਕਾਰ, ਕੋਈ ਵਿਧਾਇਕ ਤੇ ਪੁਲਿਸ ਦੀ ਕੋਈ ਭੂਮਿਕਾ ਨਹੀਂ ਹੈ। ਇਸ ਲਈ ਅਕਾਲੀ ਦਲ ਦੇ ਪ੍ਰਧਾਨ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਦੇ ਹੋਏ ਆਪਣੇ ਰਾਜ ਵਿਚ ਕਰਵਾਈ ਗੁੰਡਾਗਰਦੀ ਨੂੰ ਯਾਦ ਕਰਨਾ ਚਾਹੀਦਾ ਹੈ।

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਆਪਣੇ ਰਾਜ ਵਿਚ ਗੁੰਡਾਗਰਦੀ ਕਰਦੇ ਰਹਿਣ ਵਾਲੇ ਲੋਕ ਹੀ ਹੁਣ ਧੱਕੇਸ਼ਾਹੀ ਦੇ ਝੂਠੇ ਦੋਸ਼ ਲਗਾ ਰਹੇ ਹਨ, ਪਰੰਤੂ ਪੰਜਾਬ ਦੇ ਲੋਕਾਂ ਨੂੰ ਸਭ ਪਤਾ ਹੈ ਕਿ ਸੂਬੇ ਵਿਚ ਕੇਬਲ ਮਾਫ਼ੀਆ ਕਿਹੜੇ ਲੋਕਾਂ ਨੇ ਪੈਦਾ ਕੀਤਾ ਸੀ। ਹਰਭਜਨ ਸਿੰਘ ਈਟੀਓ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਿਧਾਇਕਾਂ ਵਿਰੁੱਧ ਵਰਤੀ ਭੱਦੀ ਸ਼ਬਦਾਵਲੀ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਸੂਬੇ ਨੂੰ ਕੰਗਾਲ ਕਰ ਕੇ ਰੱਖ ਦਿੱਤਾ ਸੀ ਜਦਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਚਲਾਇਆ ਕਮਿਸ਼ਨ ਦਾ ਸੱਭਿਆਚਾਰ ਬੰਦ ਕਰ ਦਿੱਤਾ ਹੈ। ਹੁਣ ਸਰਕਾਰੀ ਪ੍ਰਾਜੈਕਟਾਂ ’ਚੋਂ ਬਚ ਰਿਹਾ ਪੈਸਾ ਲੋਕਾਂ ਦੇ ਹਿੱਤਾਂ ਲਈ ਖ਼ਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਣਾ ਤੇ ਸਨੌਰ ਦੀਆਂ ਦੋਵੇਂ ਸੜਕਾਂ ਦੀ ਪ੍ਰਵਾਨਗੀ 39 ਕਰੋੜ ਰੁਪਏ ਦੀ ਦਿੱਤੀ ਗਈ ਸੀ ਪਰੰਤੂ ਇਸ ਦੇ ਟੈਂਡਰ 31 ਕਰੋੜ ਰੁਪਏ ਵਿਚ ਲੱਗੇ ਤੇ ਇਸ ਤਰ੍ਹਾਂ 8 ਕਰੋੜ ਰੁਪਏ ਬਚਾਏ ਗਏ ਹਨ।

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਅਕਾਲੀ ਰਾਜ ਸਮੇਂ ਕੇਬਲ ਮਾਫੀਆ ਨੇ ਕਤਲ ਕੀਤੇ ਤੇ ਧੱਕੇ ਨਾਲ ਦੂਜੇ ਆਪ੍ਰੇਟਰਾਂ ਦੀਆਂ ਤਾਰਾਂ ਕੱਟੀਆਂ ਤੇ ਅਕਾਲੀ ਦਲ ਦੇ 10 ਸਾਲਾਂ ਤੇ ਕਾਂਗਰਸ ਦੇ 5 ਸਾਲਾਂ ਦੇ ਰਾਜ ਵਿਚ ਕਿਸੇ ਦੂਜੀ ਕੰਪਨੀ ਨੂੰ ਪੰਜਾਬ ਅੰਦਰ ਪੈਰ ਨਹੀਂ ਪਾਉਣ ਦਿੱਤਾ ਗਿਆ। ਜਦਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਸਸਤੇ ਭਾਅ ਕੇਬਲ ਸੇਵਾ ਦੇਣ ਵਾਲੀਆਂ ਕੰਪਨੀਆਂ ਨੂੰ ਪੰਜਾਬ ਆਉਣ ਦਾ ਮੌਕਾ ਦਿੱਤਾ ਹੈ। ਇਸ ਮੌਕੇ ਇੰਦਰਜੀਤ ਸਿੰਘ ਸੰਧੂ, ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਹਰਜਿੰਦਰ ਸਿੰਘ ਮਿੰਟੂ, ਬਲਕਾਰ ਸਿੰਘ ਗੱਜੂਮਾਜਰਾ, ਗੁਲਜਾਰ ਸਿੰਘ ਵਿਰਕ ਤੇ ਗੁਰਦੇਵ ਸਿੰਘ ਟਿਵਾਣਾ ਵੀ ਮੌਜੂਦ ਸਨ।

RELATED ARTICLES
- Advertisment -
Google search engine

Most Popular

Recent Comments