ਤਰਨਤਾਰਨ, 18 ਅਪ੍ਰੈਲ 2023- ਰਨਤਾਰਨ ਦੇ ਕਸਬਾ ਫਤਿਆਬਾਦ ਵਿਖੇ ਮੰਗਲਵਾਰ ਬਾਅਦ ਦੁਪਹਿਰ ਪੰਜਾਬ ਨੈਸ਼ਨਲ ਬੈਂਕ ‘ਚ ਕੰਮਕਾਜ ਲਈ ਆਈ ਔਰਤ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵੱਲੋਂ ਬੈਂਕ ਮੁਲਾਜ਼ਮਾਂ ਤੇ ਲਾਪ੍ਰਵਾਹੀ ਦੇ ਦੋਸ਼ ਲਗਾ ਕੇ ਲਾਸ਼ ਨੂੰ ਬੈਂਕ ਦੇ ਗੇਟ ਸਾਹਮਣੇ ਰੱਖ ਕੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਦੇ ਪੁੱਤਰ ਅਵਤਾਰ ਸਿੰਘ ਮੋਨੂੰ ਨੇ ਦੱਸਿਆ ਕਿ ਉਹ ਆਪਣੀ ਮਾਤਾ ਦਵਿੰਦਰ ਕੌਰ ਪਤਨੀ ਦਰਸ਼ਨ ਸਿੰਘ ਨਾਲ ਪੰਜਾਬ ਨੈਸ਼ਨਲ ਬੈਂਕ ਵਿਚ ਕਿਸੇ ਕੰਮ ਲਈ ਆਏ ਸਨ। ਕੰਮ ਤੋਂ ਬਾਅਦ ਵਾਪਸ ਜਾਣ ਸਮੇਂ ਉਸ ਦੀ ਮਾਤਾ ਬੈਂਕ ਤੋਂ ਬਾਹਰ ਨਿਕਲਣ ਲੱਗੀ ਤਾਂ ਬੈਂਕ ਦੇ ਅੱਗੇ ਲੱਗੇ ਕੈਂਚੀ ਗੇਟ ਜਿਵੇਂ ਹੀ ਹੱਥ ਪਾਇਆ, ਗੇਟ ਵਿਚ ਕਰੰਟ ਆ ਗਿਆ। ਜਿਸਦੇ ਚਲਦਿਆਂ ਜੋਰਦਾਰ ਝਟਕੇ ਨਾਲ ਉਸਦੀ ਮਾਤਾ ਡਿੱਗ ਪਈ। ਉਸ ਨੇ ਸਾਥੀਆਂ ਦੀ ਮਦਦ ਨਾਲ ਨਜਦੀਕੀ ਹਸਪਤਾਲ ਖੜਿਆ ਜਿਥੇ ਡਾਕਟਰਾਂ ਨੇ ਉਸ ਦੀ ਮਾਤਾ ਨੂੰ ਮਿ੍ਤਕ ਐਲਾਨ ਦਿੱਤਾ। ਮਿ੍ਤਕਾ ਦੇ ਪਰਿਵਾਰ ਵਾਲਿਆਂ ਵੱਲੋ ਬੈਂਕ ਦੇ ਅੱਗੇ ਧਰਨਾ ਲਗਾ ਕੇ ਬੈਂਕ ਅਧਿਕਾਰੀਆਂ ‘ਤੇ ਲਾਪਰਵਾਹੀ ਦਾ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ। ਮੌਕੇ ‘ਤੇ ਪੁੱਜੇ ਚੌਂਕੀ ਇੰਚਾਰਜ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟ ਮਾਰਟਮ ਰਿਪੋਰਟ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਵਿਨੋਦ ਵਿਮਲ ਨੇ ਉਕਤ ਘਟਨਾ ਸੰਬਧੀ ਬੈਂਕ ਦੀ ਕਿਸੇ ਵੀ ਲਾਪਰਵਾਹੀ ਹੋਣ ਤੋਂ ਇਨਕਾਰ ਕੀਤਾ।