ਲੁਧਿਆਣਾ, 30 ਮਾਰਚ 2023- ਖਾਲਿਸਤਾਨ ਸਮਰਥਕਾਂ ਵੱਲੋਂ ਅਮਰੀਕਾ ਵਿੱਚ ਵੱਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਖਾਲਿਸਤਾਨ ਦੇ ਸਮਰਥਕਾਂ ਨੇ ਹੁਣ ਸ਼ਰਮਨਾਕ ਹਰਕਤਾਂ ਕੀਤੀਆਂ ਹਨ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਨੂੰ ਨਾ ਸਿਰਫ਼ ਫ਼ੋਨ ‘ਤੇ ਧਮਕੀਆਂ ਦਿੱਤੀਆਂ ਸਗੋਂ ਉਸ ਨਾਲ ਗਾਲੀ -ਗਲੋਚ ਵੀ ਕੀਤਾ। ਇਹ ਖੁਲਾਸਾ ਭਗਵੰਤ ਮਾਨ ਦੀ ਸਾਬਕਾ ਪਤਨੀ ਇੰਦਰਪ੍ਰੀਤ ਕੌਰ ਨੇ ਫੇਸਬੁੱਕ ਰਾਹੀਂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸੀਰਤ ਕੌਰ ਨੂੰ ਖਾਲਿਸਤਾਨ ਸਮਰਥਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਅਤੇ ਗਾਲੀ-ਗਲੋਚ ਸੰਬੰਧੀ ਪਟਿਆਲਾ ਦੇ ਇੱਕ ਵਕੀਲ ਨੇ ਵੀ ਆਪਣੇ ਫੇਸਬੁੱਕ ਅਕਾਊਂਟ ‘ਤੇ ਪੋਸਟ ਸ਼ੇਅਰ ਕੀਤੀ ਹੈ।
ਭਗਵੰਤ ਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਗਰੇਵਾਲ ਆਪਣੇ ਦੋ ਬੱਚਿਆਂ ਨਾਲ ਅਮਰੀਕਾ ਰਹਿ ਰਹੀ ਹੈ। ਉਨ੍ਹਾਂ ਦੇ ਵਕੀਲ ਹਰਮੀਤ ਬਰਾੜ ਨੇ ਫੇਸਬੁੱਕ ਉਤੇ ਇਹ ਗੱਲ ਸਾਂਝੀ ਕੀਤੀ ਹੈ,ਵਕੀਲ ਹਰਮੀਤ ਬਰਾੜ ਨੇ ਫੇਸਬੁੱਕ ਉਤੇ ਲਿਖਿਆ ਹੈ, ‘ਤੁਸੀਂ ਜੰਮੇ ਹੀ ਬਦਦਿਮਾਗ ਸੀ ਕਿ ਇਸੇ ਸਦੀ ਚ ਹੋਏ ? ਸੋਚਿਓ ਬਹਿ ਕੇ ..’ ਕਦੇ ਤੁਸੀ ਸੋਸ਼ਲ ਮੀਡੀਆ ਤੇ ਕਹਿੰਦੇ ਕਿ ਅਮਰੀਕਾ ਚ ਭਗਵੰਤ ਦੇ ਜਵਾਕ ਘੇਰੋ , ਕਦੇ ਓਥੇ ਗੁਰੂ ਘਰਾਂ ਚ ਮਤੇ ਪਾਉਂਦੇ .. ਕੱਲ੍ਹ ਹੱਦ ਕੀਤੀ ਜਦੋਂ ਉਹਦੀ ਬੱਚੀ ਨੂੰ ਫ਼ੋਨ ਕਰਕੇ ਮਾਂਵਾਂ ਭੈਣਾਂ ਦੀਆਂ ਗਾਲ਼ਾਂ ਕੱਢੀਆਂ। ਸੋਚੋ ਤਾਂ ਸਹੀ ਉਹ ਕਦੋਂ ਸਕਾ ਬਣਿਆ ਆਵਦੇ ਜਵਾਕਾਂ ਦਾ , ਜੋ ਥੋਡੀਆਂ ਇਹਨਾ ਹਰਕਤਾਂ ਨਾਲ ਉਹਨੂੰ ਫਰਕ ਪਊ ? ਸਹੁੰ ਚੁੱਕ ਸਮਾਗਮ ਚ ਦਿਖਾਵਾ ਕਰਨਾ ਸੀ ਤਾਂ ਸੱਦ ਲਏ, ਮਗਰੋਂ ਆਇਆ ਨੂੰ ਵੀ ਨੀ ਮਿਲਦਾ ਹੁਣ। ਜਿੰਨਾਂ ਦੇ ਗਲਾਂ ਚ ਹਾਰ ਪਾਉਂਨੇ ਓਂ , ਉਹਨਾਂ ਨੂੰ ਘੇਰੋ ਜਾਂ ਗਾਲ਼ਾਂ ਕੱਢਣ ਦਾ ਦਮ ਵੀ ਓਥੇ ਰੱਖੋ ਜੀਹਨੇ ਥੋਡਾ ਕੁਸ਼ ਵਿਗਾੜਿਆ । ਜਵਾਕਾਂ ਨੂੰ ਡਰਾ ਕੇ ਕਿਹੜਾ ਖਾਲਿਸਤਾਨ ਮਿਲ ਜੂ ਥੋਨੂੰ ?? ਹੱਦ ਆ ਥੋਡੇ ਵਾਲੀ , ਥੋਨੂੰ ਲਗਦਾ ਇਹੋ ਜਿਹੇ ਮੁਲਕ ਚ ਕੋਈ ਵੀ ਸ਼ਰੀਫ ਇਨਸਾਨ ਥੋਡੇ ਵਰਗੇ ਉੱਲਥਾਂ ਨਾਲ ਰਹਿਣਾ ਚਾਹੂਗਾ ?
ਹੱਦ ਹੁੰਦੀ ਚਵਲਪੁਣੇ ਦੀ , ਅਕਲ ਨੂੰ ਹੱਥ ਮਾਰੋ .. ਬੇਸ਼ਰਮੀ ਦੀ ਵੀ ਕਿਤੇ ਸੀਮਾਂ ਹੁੰਦੀ , ਥੋਡੀ ਕਿਤੇ ਨੀ। ਸਿੱਖੀ ਕਿਤੇ ਇਹੋ ਜਿਹਾ ਕੁਝ ਨਹੀ ਸਿਖਾਉਂਦੀ , ਤੁਸੀ ਧੱਬਾ ਓਂ ਸਿੱਖੀ ਤੇ .. ਸਿੱਖ ਤਾਂ ਹਰਗਿਜ ਨਹੀਂ।