ਫਿਰੋਜ਼ਪੁਰ – ਭਾਰਤ-ਪਾਕਿ ਸਰਹੱਦ ਨੇੜੇ ਹੁਸੈਨੀਵਾਲਾ ਹੈੱਡਵਰਕਸ ਦੇ ਗੇਟ ਨੰਬਰ 26 ਦਾ ਇਕ ਹਿੱਸਾ ਟੁੱਟਣ ਕਾਰਨ ਪਾਣੀ ਪਾਕਿਸਤਾਨ ਵੱਲ ਜਾ ਰਿਹਾ ਹੈ। ਜਲ ਸਰੋਤ ਵਿਭਾਗ ਨੇ ਮੁਰੰਮਤ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਅਗਸਤ-ਸਤੰਬਰ ’ਚ ਹੜ੍ਹ ਕਾਰਨ ਪਾਣੀ ਦੇ ਤੇਜ਼ ਵਹਾਅ ਨਾਲ ਹੁਸੈਨੀਵਾਲਾ ਹੈੱਡਵਰਕਸ ਦੇ ਕੁਝ ਗੇਟ ਨੁਕਸਾਨੇ ਗਏ ਸਨ। ਬੁੱਧਵਾਰ ਨੂੰ 26 ਨੰਬਰ ਗੇਟ ਦਾ ਇਕ ਹਿੱਸਾ ਪੂਰੀ ਤਰ੍ਹਾਂ ਟੁੱਟ ਗਿਆ ਜਿਸ ਕਾਰਨ ਸਤਲੁਜ ਦਰਿਆ ਦਾ ਹਜ਼ਾਰਾਂ ਕਿਊਸਿਕ ਪਾਣੀ ਪਾਕਿਸਤਾਨ ਵੱਲ ਜਾ ਰਿਹਾ ਹੈ। ਹੁਸੈਨੀਵਾਲਾ ’ਚ ਕੁੱਲ 29 ਗੇਟ ਹਨ ਅਤੇ ਇਨ੍ਹਾਂ ਜ਼ਰੀਏ ਹੀ ਪਾਣੀ ਪਾਕਿਸਤਾਨ ਵੱਲ ਜਾਣ ਤੋਂ ਰੋਕਿਆ ਜਾਂਦਾ ਹੈ। ਹਾਲਾਂਕਿ ਪਾਣੀ ਦਾ ਲੈਵਲ ਵਧਣ ਅਤੇ ਹੜ੍ਹ ਦੇ ਦਿਨਾਂ ਵਿਚ ਪਾਣੀ ਪਾਕਿਸਤਾਨ ਵੱਲ ਛੱਡ ਦਿੱਤਾ ਜਾਂਦਾ ਹੈ। ਐਕਸੀਐਨ ਵਿਨੋਦ ਕੁਮਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਲਦ ਹੀ ਗੇਟ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਹੁਸੈਨੀਵਾਲਾ ਹੈੱਡਵਰਕਸ ਦਾ ਨਿਰਮਾਣ 1922 ’ਚ ਕੀਤਾ ਗਿਆ ਸੀ। 2017 ’ਚ ਵਿਭਾਗ ਵੱਲੋਂ ਇੱਥੇ ਲੋਹੇ ਦੇ ਗੇਟਾਂ ਦੀ ਮੁਰੰਮਤ ਦਾ ਕੰਮ ਵੀ ਕੀਤਾ ਗਿਆ ਸੀ।