ਚੰਡੀਗੜ੍ਹ – ਪੰਜਾਬ ‘ਚ ਕੋਰੋਨਾ ਦੇ ਨਵੇਂ ਵੇਰੀਐਂਟ JN.1 ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਸਾਵਧਾਨੀ ਦੇ ਤੌਰ ‘ਤੇ ਸਿਹਤ ਵਿਭਾਗ ਨੇ ਹਸਪਤਾਲਾਂ ਤੇ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਣ ਦੀ ਸਲਾਹ ਵੀ ਦਿੱਤੀ ਗਈ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਬਾਕਾਇਦਾ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਤੇ ਦਿਲ, ਸ਼ੂਗਰ, ਕਿਡਨੀ ਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚਣ ਲਈ ਕਿਹਾ ਗਿਆ ਹੈ। ਅਜਿਹੀਆਂ ਥਾਵਾਂ ‘ਤੇ ਤਾਂ ਹੀ ਜਾਓ ਜੇਕਰ ਇਹ ਬਿਲਕੁਲ ਜ਼ਰੂਰੀ ਹੋਵੇ। ਕਿਸੇ ਵੀ ਕਿਸਮ ਦੀ ਡਾਕਟਰੀ ਸਹਾਇਤਾ ਲਈ, 104 ਡਾਇਲ ਕਰੋ। ਐਡਵਾਈਜ਼ਰੀ ਦੇ ਅਨੁਸਾਰ ਲੋਕਾਂ ਨੂੰ ਛਿੱਕਣ ਤੇ ਖੰਘਣ ਸਮੇਂ ਆਪਣੇ ਨੱਕ ਅਤੇ ਮੂੰਹ ਨੂੰ ਰੁਮਾਲ, ਟਿਸ਼ੂ ਜਾਂ ਕੋਹਨੀ ਨਾਲ ਢਕਣਾ ਚਾਹੀਦਾ ਹੈ। ਲੋਕਾਂ ਨੂੰ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ ਤੇ ਨਿੱਜੀ ਸੰਪਰਕ ਤੋਂ ਬਚਣਾ ਚਾਹੀਦਾ ਹੈ। ਬੁਖਾਰ, ਖਾਂਸੀ ਹੋਣ ਤੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਕੋਵਿਡ ਦੇ ਲੱਛਣ ਹੋਣ ‘ਤੇ ਉਸ ਦੀ ਜਲਦ ਰਿਪੋਰਟਿੰਗ ਅਤੇ ਕੋਵਿਡ ਤੇ ਇਨਫਲੂਏਂਜਾ ਦੀ ਜਾਂਚ ਕਰਨੀ ਚਾਹੀਦੀ ਹੈ। ਐਡਵਾਈਜ਼ਰੀ ‘ਚ ਭੀੜ-ਭੜੱਕੇ ਤੇ ਖਰਾਬ ਹਵਾ ਵਾਲੀਆਂ ਥਾਵਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੇਰਲ, ਗੋਆ ਤੇ ਹੋਰਨਾਂ ਸੂਬਿਆਂ ਤੋਂ ਬਾਅਦ ਕੋਰੋਨਾ ਨੇ ਪੰਜਾਬ ’ਚ ਵੀ ਮੁੜ ਦਸਤਕ ਦੇ ਦਿੱਤੀ ਹੈ। ਛੇ ਮਹੀਨੇ ਬਾਅਦ ਜਲੰਧਰ ’ਚ ਕੋਰੋਨਾ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਉਧਰ, ਅੱਠ ਮਹੀਨੇ ਬਾਅਦ ਜਲੰਧਰ ’ਚ ਕੋਰੋਨਾ ਨਾਲ ਇਕ ਮਰੀਜ਼ ਦੀ ਮੌਤ ਹੋਈ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਦੀ ਰਹਿਣ ਵਾਲੀ 60 ਸਾਲਾ ਔਰਤ ਨੂੰ ਸਾਹ ਲੈਣ ’ਚ ਮੁਸ਼ਕਿਲ ਤੇ ਬੁਖ਼ਾਰ ਹੋਣ ਪਿੱਛੋਂ ਪਰਿਵਾਰ ਨੇ ਉਸ ਨੂੰ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ। ਉਸ ਦੀ ਜਾਂਚ ਪਿੱਛੋਂ ਉਸ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ। ਔਰਤ ਦਾ ਰੈਪਿਡ ਟੈਸਟ ਕੀਤਾ ਗਿਆ ਸੀ। ਇਲਾਜ ਦੌਰਾਨ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ। ਸਿਹਤ ਵਿਭਾਗ ਦੀਆਂ ਨੀਤੀਆਂ ਦੀ ਪਾਲਣਾ ਕਰਦਿਆਂ ਬਜ਼ੁਰਗ ਔਰਤ ਦੀ ਲਾਸ਼ ਪੈਕ ਕਰਕੇ ਟੀਮ ਦੇ ਮੈਂਬਰਾਂ ਨੇ ਪਰਿਵਾਰ ਵਾਲਿਆਂ ਦੀ ਮੌਜੂਦਗੀ ’ਚ ਹੁਸ਼ਿਆਰਪੁਰ ’ਚ ਉਸ ਦੇ ਪਿੰਡ ਉਸ ਦਾ ਸਸਕਾਰ ਕਰਵਾਇਆ।