ਅੰਮ੍ਰਿਤਸਰ, 22 ਨਵੰਬਰ 2023 – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਸਨੀਕਾਂ ਨੂੰ ਉਨ੍ਹਾਂ ਦੀਆਂ ਧਾਰਮਿਕ ਆਸਥਾ ਅਨੁਸਾਰ ਮੁਫ਼ਤ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਦੇ ਫੈਸਲੇ ਦੇ ਮੱਦੇਨਜ਼ਰ 27 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਪੁਰਬ ਮੌਕੇ ਸ਼ੁਰੂ ਕੀਤੀ ਜਾ ਰਹੀ ਇਸ ਸਕੀਮ ਨੂੰ ਲੈ ਕੇ ਪੰਜਾਬ ਭਰ ਦੇ ਵੱਖ–ਵੱਖ ਵਰਗ ਦੇ ਲੋਕਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਇਸ ਤੀਰਥ ਯਾਤਰਾ ਦਾ ਆਗਾਜ਼ 27 ਨਵੰਬਰ ਨੂੰ ਧੂਰੀ (ਸੰਗਰੂਰ) ਤੋਂ ਦਿੱਲੀ ਦੇ ਮੁੱਖ ਮੰਤਰੀ, ‘ਆਪ‘ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਂਝੇ ਤੌਰ ‘ਤੇ ਰੇਲ ਗੱਡੀ ਨੂੰ ਹਰੀ ਝੰਡੀ ਵਿਖਾਉਣਗੇ, ਜਦਕਿ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਜਾਣ ਵਾਲੀ ਇਸ ਰੇਲ ਗੱਡੀ ‘ਚ 300 ਸ਼ਰਧਾਲੂਆਂ ਦੇ ਜੱਥੇ ਦੀ ਰਸਮ ਅਦਾਇਗੀ ਸਾਂਝੇ ਤੌਰ ‘ਤੇ ਉਹ (ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ) ਤੇ ਲੋਕ–ਨਿਰਮਾਣ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ, ਜਦਕਿ ਜਲੰਧਰ ਤੋਂ 200 ਸ਼ਰਧਾਲੂਆਂ ਨੂੰ ਰੇਲ ਗੱਡੀ ‘ਚ ਸਵਾਰ ਕਰਨ ਦੀ ਰਸਮ ਅਦਾਇਗੀ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਬਲਕਾਰ ਸਿੰਘ ਕਰਨਗੇ। ਇਸ ਮੁਫਤ ਤੀਰਥ ਯਾਤਰਾ ‘ਚ ਰੇਲ ਗੱਡੀ ਵਿਚ ਕੁੱਲ 1000 ਤੀਰਥ ਯਾਤਰੀ ਸਵਾਰ ਹੋਣਗੇ ਤੇ ਇਹ ਤੀਰਥ ਯਾਤਰੀਆਂ ਦਾ ਪਹਿਲਾ ਜੱਥਾ ਤਖਤ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨੰਦੇੜ (ਮਹਾਰਾਸ਼ਟਰ) ਵਿਖੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਲਈ ਸਮਰੱਥ ਹੋਵੇਗਾ। ਇਸ ਰੇਲ ਯਾਤਰੂਆਂ ਲਈ ਮੁਫਤ ਖਾਣੇ ਸਮੇਤ ਰਿਹਾਇਸ਼ ਲਈ ਲੋੜੀਂਦੇ ਕੱਪੜਿਆਂ ਦੇ ਵੀ ਪ੍ਰਬੰਧ ਕੀਤੇ ਗਏ ਹਨ।
ਇਸ ਤੀਰਥ ਯਾਤਰਾ ਦੇ ਆਗਾਜ਼ ਨੂੰ ਲੈ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਓਐਸਡੀ ਚਰਨਜੀਤ ਸਿੰਘ ਸਿੱਧੂ, ਮੁੱਖ ਦਫਤਰ ਸਕੱਤਰ ਗੁਰਜੰਟ ਸਿੰਘ ਸੋਹੀ, ਮਾਰਕੀਟ ਕਮੇਟੀ ਅਜਨਾਲਾ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਪੀਏ ਮੁਖਤਾਰ ਸਿੰਘ ਬਲੱੜਵਾਲ, ਸਰਕਲ ਇੰਚਾਰਜ ਹਰਿੰਦਰਪਾਲ ਕੌਰ ਮੱਤੇਨੰਗਲ, ਮਹਿਲਾ ਵਿੰਗ ਹਲਕਾ ਇੰਚਾਰਜ ਗੁਰਦੀਪ ਕੌਰ ਅਜਨਾਲਾ, ਮੈਡਮ ਗੀਤਾ ਗਿੱਲ ਤੋਂ ਇਲਾਵਾ ਵੱਖਖ਼ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਆਪਣੇ ਤੁਫਾਨੀ ਦੌਰੇ ਦੌਰਾਨ ਮੰਤਰੀ ਧਾਲੀਵਾਲ ਨੇ ਪੇਂਡੂ ਵਸਨੀਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ ‘ਤੇ ਹੱਲ ਵੀ ਕੀਤੀਆਂ।