ਸ੍ਰੀ ਮੁਕਤਸਰ ਸਾਹਿਬ, 13 ਮਈ 2023- ਮੁਕਤਸਰ ਦੇ ਅਬੋਹਰ ਰੋਡ ਗਲੀ ਨੰਬਰ ਦੋ ਦੇ ਬਾਬਾ ਖੇਤਪਾਲ ਮੰਦਿਰ ਨੇੜੇ ਗੋਲੀਆਂ, ਕੈਂਡੀ, ਚਿਪਸ ਆਦਿ ਦੇ ਸਟੋਰ ਨੂੰ ਰਾਤ 12 ਵਜੇ ਅੱਗ ਲੱਗ ਗਈ। ਅੰਦਰ ਪਏ ਚਾਰ ਸਿਲੰਡਰ ਫਟ ਗਏ । ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਆਸਪਾਸ ਦੀਆਂ ਚਾਰ ਪੰਜ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੂਜੇ ਪਾਸੇ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਪਰ ਇਸ ਨੇ ਏਨਾ ਭਿਆਨਕ ਰੂਪ ਧਾਰਨ ਕਰ ਲਿਆ ਸੀ ਕਿ ਇਸ ਦੀਆਂ ਲਪਟਾਂ ਵਧਦੀਆਂ ਜਾ ਰਹੀਆਂ ਸਨ। ਸਾਢੇ ਅੱਠ ਘੰਟੇ ਬਾਅਦ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਦੂਜੇ ਪਾਸੇ ਆਪ੍ਰੇਟਰ ਅਨੁਸਾਰ ਸਟੋਰ ਵਿੱਚ ਕਰੀਬ ਸੱਤ ਤੋਂ ਅੱਠ ਸਿਲੰਡਰ ਪਏ ਹਨ। ਜੇਕਰ ਉਹ ਵੀ ਅੱਗ ਨਾਲ ਫਟ ਜਾਂਦੇ ਹਨ ਤਾਂ ਸਥਿਤੀ ਵਿਗੜਨ ਦਾ ਖਤਰਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਕਰਿਆਨਾ ਦੇ ਦੁਕਾਨਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ ਪੌਣੇ ਇੱਕ ਵਜੇ ਉਨ੍ਹਾਂ ਨੂੰ ਚੌਕੀਦਾਰ ਦਾ ਫੋਨ ਆਇਆ ਕਿ ਦੁਕਾਨ ਨੂੰ ਅੱਗ ਲੱਗ ਗਈ ਹੈ। ਜਦੋਂ ਉਹ ਮੌਕੇ ‘ਤੇ ਪਹੁੰਚਿਆ ਤਾਂ ਦੇਖਿਆ ਕਿ ਅੱਗ ਉਸਦੀ ਦੁਕਾਨ ਨੂੰ ਨਹੀਂ ਬਲਕਿ ਉਸਦੇ ਚਾਚੇ ਦੀ ਦੁਕਾਨ ਨੂੰ ਲੱਗੀ ਸੀ। ਜਿਸ ਦੁਕਾਨ ਨੂੰ ਅੱਗ ਲੱਗੀ ਉਸ ਦਾ ਨਾਂ ਮੱਕੜ ਸਵੀਟਸ ਸਟੋਰ ਹੈ। ਸਟੋਰ ਦਾ ਮਾਲਕ ਵਰਿੰਦਰ ਸਿੰਘ ਮੱਕੜ ਹੈ ਜੋ ਗੋਲ਼ੀ-ਟੌਫ਼ੀਆਂ, ਭੁਜੀਆ-ਪਕੌੜੀਆਂ ਆਦਿ ਵੇਚਦਾ ਹੈ। ਉਨ੍ਹਾਂ ਦੱਸਿਆ ਕਿ ਅੱਗ ਬਹੁਤ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ। ਇਸ ਨੂੰ ਕਾਬੂ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਅੱਗ ਅਜੇ ਵੀ ਬਲ ਰਹੀ ਹੈ।
ਮਠਿਆਈਆਂ ਦੀ ਦੁਕਾਨ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਗਿਆ।
ਫਾਇਰ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 12.15 ਵਜੇ ਫੋਨ ਆਇਆ ਸੀ ਕਿ ਅਬੋਹਰ ਰੋਡ ’ਤੇ ਕੁਝ ਦੁਕਾਨਾਂ ਨੂੰ ਅੱਗ ਲੱਗ ਗਈ ਹੈ। ਜਿਸ ‘ਤੇ ਉਨ੍ਹਾਂ ਤੁਰੰਤ ਮੌਕੇ ‘ਤੇ ਪਹੁੰਚ ਕੇ ਕੋਟਕਪੂਰਾ ਅਤੇ ਮਲੋਟ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੰਗਵਾਈਆਂ ਹਨ ਤਾਂ ਜੋ ਅੱਗ ‘ਤੇ ਜਲਦੀ ਕਾਬੂ ਪਾਇਆ ਜਾ ਸਕੇ |