ਚੰਡੀਗੜ੍ਹ, 02 ਅਗਸਤ 2023-ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਦੂਰੀਆਂ ਵੱਧਦੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਰਾਜਪਾਲ ਨੇ ਮੁੱਖ ਮੰਤਰੀ ਨੂੰ ਇਕ ਹੋਰ ਚਿੱਠੀ ਲਿਖ ਕੇ ਜਿੱਥੇ ਸਾਰੀਆਂ ਚਿੱਠੀਆਂ ਦਾ ਜਵਾਬ ਮੰਗਿਆ ਹੈ, ਉੱਥੇ ਨਸੀਹਤ ਦਿੱਤੀ ਹੈ ਕਿ ਆਪ ਸੰਵਿਧਾਨ ਨਿਰਮਾਤਾ ਡਾ. ਬੀਆਰ ਅੰਬੇਡਕਰ ਦੀ ਫੋਟੋ ਤਾਂ ਲਗਾਉਂਦੇ ਹੋ, ਪਰ ਉਨ੍ਹਾਂ ਦੇ ਸੰਵਿਧਾਨ ਦਾ ਪਾਲਣ ਨਹੀਂ ਕਰ ਰਹੇ। ਰਾਜਪਾਲ ਨੇ ਕਿਹਾ ਕਿ ਤੁਹਾਡੀ (ਮੁੱਖ ਮੰਤਰੀ) ਕਹਿਣੀ ਤੇ ਕਥਨੀ ’ਚ ਵੱਡਾ ਅੰਤਰ ਹੈ।
ਰਾਜਪਾਲ ਨੇ ਚਿੱਠੀ ’ਚ ਲਿਖਿਆ ਕਿ ਮੇਰੇ ਧਿਆਨ ’ਚ ਆਇਆ ਹੈ ਕਿ ਤੁਸੀਂ ਘਰ-ਘਰ ਆਟਾ ਪਹੁੰਚਾਉਣ ਦਾ ਫ਼ੈਸਲਾ ਕੀਤਾ ਹੈ। ਪਿਛਲੇ ਸਾਲ ਮੇਰੀ ਹਦਾਇਤ ’ਤੇ ਰਾਜ ਭਵਨ ਦੇ ਪਿ੍ਰੰਸੀਪਲ ਸੈਕਟਰੀ ਨੇ ਮੁੱਖ ਸਕੱਤਰ ਤੋਂ 24 ਸਤੰਬਰ 2022 ਨੂੰ ਘਰ-ਘਰ ਆਟਾ ਸਕੀਮ ਬਾਰੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਵਾਬ ਮੰਗਿਆਂ ਸੀ ਪਰ ਅਜੇ ਤੱਕ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ।
ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ’ਚ ਦਾਖ਼ਲ ਪਟੀਸ਼ਨ ਦਾ ਹਵਾਲਾ ਦਿੰਦਿਆਂ ਰਾਜਪਾਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਵੱਲੋਂ ਅਸੈਂਬਲੀ ’ਚ ਦਿੱਤੇ ਭਾਸ਼ਣ ਨੂੰ ਕੋਡ ਕਰ ਕੇ ਫ਼ੈਸਲਾ ਦਿੱਤਾ ਹੈ ਕਿ ਗਵਰਨਰ ਮਨਿਸਟਰ ਨੂੰ ਸਵਾਲ ਕਰ ਸਕਦਾ ਹੈ। ਇਹੀ ਨਹੀਂ ਮਨਿਸਟਰ ਵੱਲੋਂ ਲੋਕ ਹਿੱਤ ਖ਼ਿਲਾਫ਼ ਕੀਤੇ ਜਾ ਰਹੇ ਕੰਮ ਬਾਰੇ ਚਿਤਾਵਨੀ ਵੀ ਦੇ ਸਕਦਾ ਹੈ। ਪਾਰਦਰਸ਼ਤਾ, ਇਮਾਨਦਾਰੀ ਵਾਲਾ ਪ੍ਰਸ਼ਾਸਨ ਮੁਹੱਈਆ ਕਰਵਾਉਣਾ ਗਵਰਨਰ ਦੀ ਡਿਊਟੀ ਹੈ। ਲੋਕਾਂ ਦੀਆਂ ਇਛਾਵਾਂ ਦੇ ਉਲਟ ਕੰਮ ਕਰਨ ’ਤੇ ਗਵਰਨਰ ਸਰਕਾਰ ਜਾਂ ਪ੍ਰਸ਼ਾਸਨ ਨੂੰ ਸਵਾਲ ਖੜ੍ਹਾ ਕਰ ਸਕਦਾ ਹੈ। ਸੁਪਰੀਮ ਕੋਰਟ ਨੇ ਬਕਾਇਦਾ ਰਾਜਪਾਲ ਦੇ ਇਨ੍ਹਾਂ ਸਟੀਕ ਕੰਮਾਂ ਦੀ ਪ੍ਰੋੜਤਾਂ ਕੀਤੀ ਹੈ। ਰਾਜਪਾਲ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ’ਚ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਤੁਸੀਂ (ਮੁੱਖ ਮੰਤਰੀ) ਬਾਬਾ ਸਾਹਿਬ ਦਾ ਭਾਸ਼ਣ ਨੂੰ ਦੇਖਦੇ ਹੋਏ ਮੇਰੀ ਚਿੱਠੀ ਦਾ ਜਵਾਬ ਦੇਵੋਗੇ।
ਜ਼ਿਕਰਯੋਗ ਹੈ ਕਿ ਰਾਜਪਾਲ ਨੇ 24 ਜੁਲਾਈ ਨੂੰ ਵੀ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪੁਰਾਣੀਆਂ ਚਿੱਠੀਆਂ ਦਾ ਜਵਾਬ ਮੰਗਿਆ ਸੀ। ਇਸ ਤੋਂ ਬਾਅਦ ਰਾਜਪਾਲ ਤੇ ਮੁੱਖ ਮੰਤਰੀ ਦਰਮਿਆਨ ਬਜਟ ਸੈਸ਼ਨ ਬਲਾਉਣ ਨੂੰ ਲੈ ਕੇ ਵੀ ਤਕਰਾਰ ਪੈਦਾ ਹੋ ਗਿਆ ਸੀ। ਇਸ ਮਾਮਲੇ ’ਚ ਸਰਕਾਰ ਨੇ ਰਾਜਪਾਲ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕਰ ਦਿੱਤੀ ਸੀ। ਸੁਪਰੀਮ ਕੋਰਟ ਨੇ ਰਾਜਪਾਲ ਨੂੰ ਬਜਟ ਇਜਲਾਸ ਬਾਰੇ ਮਨਜ਼ੂਰੀ ਦੇਣ ਦੇ ਹੁਕਮ ਦਿੱਤੇ ਸਨ ਤੇ ਸਰਕਾਰ/ਮੁੱਖ ਮੰਤਰੀ ਨੂੰ ਵੀ ਰਾਜਪਾਲ ਵੱਲੋਂ ਮੰਗੀ ਸੂਚਨਾ ਦਾ ਜਵਾਬ ਦੇਣ ਲਈ ਕਿਹਾ ਸੀ।
‘ਵਿਹਲਾ’ ਕਹਿਣ ’ਤੇ ਭੜਕੇ ਰਾਜਪਾਲ
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਵੱਲੋਂ ਉਨ੍ਹਾਂ (ਰਾਜਪਾਲ) ਨੂੰ ਵਿਹਲਾ ਸ਼ਬਦ ਕਹਿਣ ’ਤੇ ਇਤਰਾਜ਼ ਕੀਤਾ ਹੈ। ਰਾਜਪਾਲ ਨੇ ਕਿਹਾ ਕਿ ਮੇਰੇ ਧਿਆਨ ’ਚ ਆਇਆ ਹੈ ਕਿ ਵਿਧਾਨ ਸਭਾ ’ਚ ਭਾਸ਼ਣ ਦੌਰਾਨ ਤੁਸੀਂ ਮੇਰੇ ਬਾਰੇ ‘ਵਿਹਲਾ’ ਸ਼ਬਦ ਵਰਤਿਆ ਹੈ। ਉਨ੍ਹਾਂ ਕਿਹਾ ਕਿ ਸਦਨ ’ਚ ਤੁਹਾਡੇ ਵੱਲੋਂ ਵਰਤੇ ਅਜਿਹੇ ਗ਼ੈਰ ਸੰਸਦੀ, ਭੱਦੇ ਸ਼ਬਦ ਮੈਨੂੰ ਸੰਵਿਧਾਨਕ ਕੰਮ ਕਰਨ ’ਤੇ ਰੋਕ ਨਹੀਂ ਸਕਦੇ।