ਲੁਧਿਆਣਾ, 23 ਅਕਤੂਬਰ 2023- ਗਿੱਲ ਨਹਿਰ ਨੇੜੇ ਪੈਂਦੇ ਓਵਰਬ੍ਰਿਜ ਉੱਪਰ ਵਾਪਰੇ ਭਿਆਨਕ ਹਾਦਸੇ ’ਚ 29 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲਿਸ ਨੇ ਬਸੰਤ ਨਗਰ ਦੇ ਰਹਿਣ ਵਾਲੇ ਸੁਨੀਲ ਕੁਮਾਰ ਦੀ ਸ਼ਿਕਾਇਤ ’ਤੇ ਕੰਟੇਨਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਬਸੰਤ ਨਗਰ ਦੇ ਹੀ ਰਹਿਣ ਵਾਲੇ ਆਪਣੇ ਸਾਲੇ ਸੰਦੀਪ ਕੁਮਾਰ (29) ਨਾਲ ਸਕੂਟਰ ’ਤੇ ਕਿਸੇ ਜ਼ਰੂਰੀ ਕੰਮ ਲਈ ਬਾਜ਼ਾਰ ਜਾ ਰਿਹਾ ਸੀ। ਗਿੱਲ ਨਹਿਰ ਤੋਂ ਹੁੰਦੇ ਹੋਏ ਦੋਵੇਂ ਓਵਰਬਿ੍ਰਜ ’ਤੇ ਚੜ੍ਹ ਗਏ। ਇਸ ਦੌਰਾਨ ਤੇਜ਼ ਰਫਤਾਰ ਕੰਟੇਨਰ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਦੋਵੇਂ ਜਣੇ ਸੜਕ ’ਤੇ ਡਿੱਗ ਪਏ ਤੇ ਸੰਦੀਪ ਕੁਮਾਰ ਨੂੰ ਕੰਟੇਨਰ ਨੇ ਦਰੜ ਦਿੱਤਾ। ਹਾਦਸੇ ਦੌਰਾਨ ਸੰਦੀਪ ਕੁਮਾਰ ਦੀ ਥਾਂ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਚਾਲਕ ਕੰਟੇਨਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।