ਲੁਧਿਆਣਾ, 21 ਨਵੰਬਰ 2023 – ਪਰਿਵਾਰ ਦਾ ਜਾਨੀ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਖ ਕੇ ਕੁਝ ਵਿਅਕਤੀਆਂ ਨੇ ਕਰਨੈਲ ਸਿੰਘ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਕੋਲੋਂ ਢਾਈ ਲੱਖ ਰੁਪਏ ਦੀ ਫਿਰੌਤੀ ਹਾਸਿਲ ਕਰ ਲਈl ਮਾਮਲੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਦੁਗਰੀ ਦੀ ਪੁਲਿਸ ਹਰਕਤ ਵਿੱਚ ਆਈ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਚੋਂ ਢਾਈ ਲੱਖ ਰੁਪਏ ਦੀ ਰਕਮ ਬਰਾਮਦ ਕੀਤੀl
ਥਾਣਾ ਦੁਗਰੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕਰਨੈਲ ਸਿੰਘ ਨਗਰ ਦੇ ਰਹਿਣ ਵਾਲੇ ਅਜੈ ਪ੍ਰਕਾਸ਼ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਵੇਰ ਵੇਲੇ ਉਸ ਨੂੰ ਇੱਕ ਅਣਪਛਾਤੇ ਨੰਬਰ ਤੋਂ ਫੋਨ ਕਾਲ ਆਈ l ਫੋਨ ਕਰਨ ਵਾਲੇ ਵਿਅਕਤੀ ਨੇ ਸਿੱਧੇ ਤੌਰ ਤੇ ਧਮਕੀ ਦਿੰਦਿਆਂ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਆਖੀ ਅਤੇ ਪਰਿਵਾਰ ਦੀ ਸਲਾਮਤੀ ਲਈ ਉਸ ਕੋਲੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀl ਅਗਲੇ ਦਿਨ ਫਿਰ ਤੋਂ ਫੋਨ ਕਰਕੇ ਮੁਲਜਮਾਂ ਨੇ ਅਜੇ ਪ੍ਰਕਾਸ਼ ਨੂੰ ਹੋਟਲ ਕੀਜ ਦੀ ਬੈਕ ਸਾਈਡ ਤੇ ਪੈਸੇ ਲੈ ਕੇ ਆਉਣ ਲਈ ਆਖਿਆl ਬੁਰੀ ਤਰ੍ਹਾਂ ਘਬਰਾਇਆ ਅਜੇ ਢਾਈ ਲੱਖ ਰੁਪਏ ਦੀ ਰਕਮ ਲੈ ਕੇ ਹੋਟਲ ਕੀਜ ਦੇ ਕੋਲ ਪਹੁੰਚ ਗਿਆ l ਅਜੇ ਨੇ ਦੇਖਿਆ ਕਿ ਹੋਟਲ ਕੀਜ ਦੀ ਬੈਕ ਸਾਈਡ ਤੇ ਤਿੰਨ ਮੋਨੇ ਨੌਜਵਾਨ ਖੜੇ ਸਨ l ਬੁਰੀ ਤਰ੍ਹਾਂ ਡਰੇ ਅਜੇ ਨੇ ਉਨ੍ਹਾਂ ਨੂੰ ਰਕਮ ਦੇ ਦਿਤੀ l ਮੁਲਜਮਾਂ ਨੇ ਅਜੇ ਨੂੰ ਆਖਿਆ ਕਿ ਉਹ ਇਥੋਂ ਚਲਾ ਜਾਵੇ ਅਤੇ ਪਿੱਛੇ ਮੁੜ ਕੇ ਨਾ ਦੇਖੇ l ਕਾਰ ਵਿੱਚ ਸਵਾਰ ਹੋ ਕੇ ਅਜੇ ਪ੍ਰਕਾਸ਼ ਵਾਪਸ ਆਪਣੇ ਘਰ ਆ ਗਿਆ l ਇਸ ਮਾਮਲੇ ਸੰਬੰਧੀ ਥਾਣਾ ਦੁਗਰੀ ਦੀ ਪੁਲਿਸ ਨੂੰ ਜਿਵੇਂ ਹੀ ਜਾਣਕਾਰੀ ਮਿਲੀ ਤਾਂ ਏਐਸਆਈ ਸੁਖਦੇਵ ਰਾਜ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ l ਕਾਰਵਾਈ ਕਰਦਿਆਂ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਾਂਚ ਅਧਿਕਾਰੀ ਸੁਖਦੇਵ ਰਾਜ ਦਾ ਕਹਿਣਾ ਹੈ ਕਿ ਦੋਵਾਂ ਮੁਲਜਮਾਂ ਕੋਲੋਂ ਵਧੇਰੇ ਪੁੱਛ ਗਿੱਛ ਕੀਤੀ ਜਾ ਰਹੀ ਹੈ।