Home Punjab ਲੁਧਿਆਣਾ ‘ਚ ਸ਼ਰਾਬੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਦਿਆਂ ਫਟਿਆ ਸਿਲੰਡਰ, ਲੈਂਟਰ ਡਿੱਗਾ ਪੰਜ ਜ਼ਖ਼ਮੀ

ਲੁਧਿਆਣਾ ‘ਚ ਸ਼ਰਾਬੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਦਿਆਂ ਫਟਿਆ ਸਿਲੰਡਰ, ਲੈਂਟਰ ਡਿੱਗਾ ਪੰਜ ਜ਼ਖ਼ਮੀ

0
ਲੁਧਿਆਣਾ ‘ਚ ਸ਼ਰਾਬੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਦਿਆਂ ਫਟਿਆ ਸਿਲੰਡਰ, ਲੈਂਟਰ ਡਿੱਗਾ ਪੰਜ ਜ਼ਖ਼ਮੀ

ਲੁਧਿਆਣਾ – ਪਤਨੀ ਨਾਲ ਝਗੜੇ ਤੋਂ ਬਾਅਦ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਦਿਆਂ ਇਕ ਸ਼ਰਾਬੀ ਆਪ ਤਾਂ ਬੁਰੀ ਤਰ੍ਹਾਂ ਝੁਲਸ ਗਿਆ ਪਰ ਉਸ ਦੀ ਇਸ ਕੋਸ਼ਿਸ਼ ਕਾਰਨ ਵਾਪਰੇ ਹਾਦਸੇ ’ਚ ਦੋ ਪੁਲਿਸ ਵਾਲਿਆਂ ਸਮੇਤ ਪੰਜ ਲੋਕ ਜ਼ਖ਼ਮੀ ਹੋ ਗਏ। ਅਸਲ ’ਚ ਜਦੋਂ ਉਸ ਨੇ ਖ਼ੁਦਕੁਸ਼ੀ ਲਈ ਖ਼ੁਦ ਨੂੰ ਅੱਗ ਲਾਈ ਤਾਂ ਉਸ ਨਾਲ ਕਮਰੇ ’ਚ ਰੱਖੇ ਸਿਲੰਡਰ ਨੂੰ ਅੱਗ ਲੱਗ ਗਈ ਜਿਸ ਦੇ ਧਮਾਕੇ ਕਾਰਨ ਤਿੰਨ ਕਮਰਿਆਂ ਦਾ ਲੈਂਟਰ ਡਿੱਗ ਗਿਆ। ਇਸ ਕਾਰਨ ਪੰਜ ਲੋਕ ਜ਼ਖ਼ਮੀ ਹੋ ਗਏ।

ਸਥਾਨਕ ਕੀਜ਼ ਹੋਟਲ ਦੇ ਪਿੱਛੇ ਇਕ ’ਚ ਸੁਸ਼ੀਲ ਕੁਮਾਰ ਨਾਂ ਦਾ ਵਿਅਕਤੀ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਇਕ ਕਮਰੇ ’ਚ ਰਹਿੰਦਾ ਹੈ। ਉਹ ਅਕਸਰ ਸ਼ਰਾਬ ਪੀ ਕੇ ਪਤਨੀ ਨਾਲ ਝਗੜਦਾ ਹੈ। ਵੀਰਵਾਰ ਰਾਤ ਨੂੰ ਵੀ ਸ਼ਰਾਬ ਪੀ ਕੇ ਆਇਆ ਤੇ ਪਤਨੀ ਨਾਲ ਝਗੜਣ ਲੱਗਿਆ। ਗੱਲ ਜ਼ਿਆਦਾ ਵਧੀ ਤਾਂ ਉਸ ਨੇ ਪਤਨੀ ਤੇ ਬੱਚਿਆਂ ਨੂੰ ਕਮਰੇ ਤੋਂ ਬਾਹਰ ਕੱਢ ਕੇ ਅੰਦਰੋ ਕੁੰਢੀ ਲਾ ਕੇ ਆਪਣੇ ਆਪ ਨੂੰ ਕਮਰੇ ’ਚ ਬੰਦ ਕਰ ਲਿਆ ਤੇ ਖ਼ੁਦ ਨੂੰ ਅੱਗ ਲਗਾਉਣ ਦੀ ਧਮਕੀ ਦੇਣ ਲੱਗਾ। ਨਾਲ ਦੇ ਕਮਰਿਆਂ ’ਚ ਰਹਿੰਦੇ ਲੋਕਾਂ ਉਸ ਨੂੰ ਬਾਹਰ ਆਉਣ ਲਈ ਕਿਹਾ ਪਰ ਉਹ ਨਹੀਂ ਮੰਨਿਆ। ਅਖ਼ੀਰ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਦੋ ਪੀਸੀਆਰ ਮੁਲਾਜ਼ਮਾਂ ਨੇ ਵੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਉਸ ਨੂੰ ਬਾਹਰ ਆਉਣ ਲਈ ਕਿਹਾ ਪਰ ਉਸ ਨੇ ਦਰਵਾਜ਼ਾ ਨਾ ਖੋਲ੍ਹਿਆ। ਇਸੇ ਦੌਰਾਨ ਪੁਲਿਸ ਮੁਲਾਜ਼ਮ ਸੱਬਲ ਨਾਲ ਦਰਵਾਜ਼ਾ ਤੋੜਨ ਲੱਗੇ। ਦਰਵਾਜ਼ਾ ਟੁੱਟਦਾ ਦੇਖ ਅੰਦਰ ਸੁਸ਼ੀਲ ਨੇ ਖ਼ੁਦ ਨੂੰ ਅੱਗ ਲਗਾ ਲਈ। ਕਮਰੇ ’ਚ ਗੈਸ ਸਿਲੰਡਰ ਪਿਆ ਸੀ ਅੱਗ ਲੱਗਣ ਕਾਰਨ ਸਿਲੰਡਰ ਫਟ ਗਿਆ।

ਸਿਲੰਡਰ ਫਟਣ ਨਾਲ ਏਨਾ ਧਮਾਕਾ ਹੋਇਆ ਕਿ ਨਾਲ ਦੇ ਤਿੰਨ ਕਮਰਿਆਂ ਦੇ ਲੈਂਟਰ ਡਿੱਗ ਗਏ। ਨਾਲ ਦੇ ਕਮਰਿਆਂ ’ਚ ਰਹਿੰਦੇ ਦੋ ਲੋਕ ਪ੍ਰਦੀਪ ਤੇ ਗੁਲਸ਼ਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਰਘੁਨਾਥ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਦੀਪ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਦੋਵੇਂ ਪੀਸੀਆਰ ਮੁਲਾਜ਼ਮ ਵੀ ਫੱਟੜ ਹੋ ਗਏ। ਉਨ੍ਹਾਂ ਨੂੰ ਨਿਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ’ਚ ਸੁਸ਼ੀਲ ਬੁਰੀ ਤਰ੍ਹਾਂ ਝੁਲਸ ਗਿਆ ਹੈ ਜਿਸ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਲੈਂਟਰ ਡਿੱਗਣ ਕਾਰਨ ਕਮਰਿਆਂ ’ਚ ਪਿਆ ਸਾਮਾਨ ਨੁਕਸਾਨਿਆ ਗਿਆ।