ਲੁਧਿਆਣਾ, 23 ਜੂਨ 2023- ਸ਼ੁੱਕਰਵਾਰ ਸਵੇਰੇ ਲੁਧਿਆਣਾ-ਦਿੱਲੀ ਹਾਈਵੇ ਤੇ ਹੀਰੋ ਸਾਈਕਲ ਦੇ ਲਾਗੇ ਇਕ ਟਰਾਲੇ ਦੇ ਪਲਟਣ ਤੋਂ ਬਾਅਦ ਦੂਜਾ ਉਸ ਵਿਚ ਜਾ ਵੱਜਾ। ਤੇਲ ਵਾਲੇ ਕੈਂਟਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਦੋਵਾਂ ਵਾਹਨਾਂ ਦੇ ਡਰਾਈਵਰਾਂ ਨੂੰ ਮਾਮੂਲੀ ਝਰੀਟਾਂ ਲੱਗੀਆਂ ਤੇ ਇਕ ਮੋਟਰਸਾਈਕਲ ਸਵਾਰ ਵੀ ਮਾਮੂਲੀ ਰੂਪ ‘ਚ ਫੱਟੜ ਹੋ ਗਿਆ। ਓਵਰਟੇਕ ਕਰਦੇ ਸਮੇਂ ਵਾਪਰੇ ਇਸ ਹਾਦਸੇ ਤੋਂ ਬਾਅਦ ਚੌਕੀ ਸ਼ੇਰਪੁਰ ਦੀ ਪੁਲਿਸ ਪਾਰਟੀ ਅਤੇ ਪੀਸੀਆਰ ਦਸਤੇ ਮੌਕੇ ‘ਤੇ ਪਹੁੰਚੇ। ਪੁਲਿਸ ਕਰੇਨਾ ਦੀ ਮਦਦ ਨਾਲ ਦੋਵਾਂ ਵਾਹਨਾਂ ਨੂੰ ਸੜਕ ਤੋਂ ਹਟਾ ਰਹੀ ਹੈ।
ਜਾਣਕਾਰੀ ਅਨੁਸਾਰ ਸਵੇਰੇ ਕਾਲੇ ਤੇਲ ਦਾ ਟੈਂਕਰ ਦਿੱਲੀ ਵੱਲ ਜਾ ਰਿਹਾ ਸੀ ਕਿ ਇਸ ਦੌਰਾਨ ਇਕ ਮੋਟਰਸਾਈਕਲ ਉਸ ਦੇ ਸਾਹਮਣੇ ਆਇਆ ਤੇ ਟੈਂਕਰ ਨੇ ਇਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੈਂਕਰ ਕੁਝ ਦੂਰੀ ਤਕ ਮੋਟਰਸਾਈਕਲ ਨੂੰ ਆਪਣੇ ਨਾਲ ਘਸੀਟਦਾ ਲੈ ਗਿਆ ਤੇ ਕੁਝ ਦੂਰੀ ਤਕ ਜਾ ਕੇ ਟੈਂਕਰ ਪਲਟ ਗਿਆ ਅਤੇ ਉਸ ਵਿੱਚ ਭਰਿਆ ਕਾਲਾ ਤੇਲ ਉੱਥੇ ਹੀ ਵਹਿ ਗਿਆ। ਇਸ ਦੌਰਾਨ ਪਿੱਛਿਓਂ ਆ ਰਿਹਾ ਟਰੱਕ ਵੀ ਤੇਲ ‘ਤੇ ਤਿਲਕਦੇ ਹੋਏ ਪਹਿਲਾਂ ਤੋਂ ਹੀ ਹਾਦਸਾਗ੍ਰਸਤ ਟੈਂਕਰ ਨਾਲ ਟਕਰਾ ਗਿਆ। ਇਸ ਤੋਂ ਬਾਅਦ ਇਕ ਤੋਂ ਬਾਅਦ ਇਕ ਅੱਧੀ ਦਰਜਨ ਦੋ ਪਹੀਆ ਵਾਹਨ ਵੀ ਉਥੇ ਤਿਲਕਣ ਲੱਗੇ। ਇਸ ਦੌਰਾਨ ਮੋਟਰਸਾਈਕਲ ਸਵਾਰ ਦੀ ਲੱਤ ਟੁੱਟਣ ਦੀ ਸੂਚਨਾ ਮਿਲੀ ਹੈ। ਸੂਚਨਾ ਮਿਲਦੇ ਹੀ ਪੀਸੀਆਰ ਮੁਲਾਜ਼ਮ ਮੌਕੇ ’ਤੇ ਪੁੱਜੇ ਤੇ ਵਾਹਨਾਂ ਨੂੰ ਸਾਈਡ ਕੀਤਾ ਗਿਆ। ਇਸ ਕਾਰਨ ਸਵੇਰੇ ਫੈਕਟਰੀਆਂ ‘ਚ ਜਾਣ ਵਾਲੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।