ਅੰਮ੍ਰਿਤਸਰ, 2 ਅਪ੍ਰੈਲ 2023- ਬੀਤੇ ਵਰ੍ਹੇ ਸੜਕ ਹਾਦਸੇ ਦੌਰਾਨ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ‘ਵਾਰਿਸ ਪੰਜਾਬ ਦੇ’ ਮਰਹੂਮ ਮੁਖੀ ਦੀਪ ਸਿੱਧੂ ਦੇ ਜਨਮ ਦਿਨ ਮੌਕੇ ਉਸ ਦੀ ਬੇਹੱਦ ਖਾਸਮਖਾਸ ਤੇ ਨਜ਼ਦੀਕੀ ਮਹਿਲਾ ਦੋਸਤ ਰੀਨਾ ਰਾਏ ਐਤਵਾਰ ਨੂੰ ਸੇਵਾ ਸਿਮਰਨ ਤੇ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੌਰਾਨ ਉਸ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਪ੍ਰਸ਼ਾਦਾ ਛਕਿਆ, ਪਵਿੱਤਰ ਸਰੋਵਰ ‘ਚੋਂ ਅੰਮ੍ਰਿਤ ਚੂਲਾ ਲੈ ਕੇ ਪਰਿਕਰਮਾ ਕੀਤੀ ਤੇ ਮੁੱਖ ਭਵਨ ਵਿਖੇ ਨਤਮਸਤਕ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ। ਸਰਬੱਤ ਦੇ ਭਲੇ ਲਈ ਆਪਣੀ ਅਤੇ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਤੇ ਸਿਹਤਯਾਬੀ ਲਈ ਅਰਦਾਸਾ ਸੋਧਿਆ। ਇਸ ਮੌਕੇ ਉਸਨੇ ਦੀਪ ਸਿੱਧੂ ਦੀ ਵਿਚਾਰਧਾਰਾ ਤੇ ਸੋਚ ‘ਤੇ ਪਹਿਰਾ ਦੇਣ ਦੀ ਗੱਲ ਆਖਣ ਦੇ ਨਾਲ-ਨਾਲ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਮੋਹਾਲੀ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਿਤ ਜਿਮਨਾਸਟਿਕ ਸੈਂਟਰ ਦੀਆਂ ਖਿਡਾਰਨਾਂ ਨੂੰ ਕਿੱਟਬੈਗ ਤੇ ਪੜ੍ਹਨ ਸਮੱਗਰੀ ਤਕਸੀਮ ਕਰਦਿਆਂ ਅੱਗੇ ਵਧਣ ਤੇ ਕੁਝ ਬਣ ਕੇ ਵਿਖਾਉਣ ਦੀਆਂ ਅਸੀਸਾਂ ਦਿੱਤੀਆਂ। ਇਸ ਦੌਰਾਨ ਉਹ ਕਈ ਵਾਰ ਭਾਵੁਕ ਵੀ ਹੋਈ।