ਦੇਵੀਗੜ੍ਹ, 18 ਜੂਨ 2023- ਇਕ ਲੜਕੀ ਵੱਲੋਂ ਵਿਆਹ ਕਰਵਾ ਕੇ ਆਸਟੇ੍ਲੀਆ ਚਲੇ ਜਾਣ ਤੋਂ ਬਾਅਦ ਆਪਣੇ ਪਤੀ ਨੂੰ ਵਿਦੇਸ਼ ਨਾ ਬੁਲਾਏ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। ਜਿਸ ਦੇ ਚੱਲਦੇ ਲੜਕੇ ਵਾਲਿਆਂ ਨੇ ਮਾਮਲਾ ਦਰਜ ਕਰਵਾ ਦਿੱਤਾ ਹੈ। ਲੜਕੇ ਦੇ ਮਾਪਿਆਂ ਨੇ ਆਪਣੇ ਲੜਕੇ ਦਾ ਵਿਆਹ ਉਸ ਲੜਕੀ ਨਾਲ ਕਰਨ ਤੇ ਉਸ ਨੂੰ ਬਾਹਰ ਭੇਜਣ ‘ਤੇ ਲੱਖਾਂ ਰੁਪਏ ਲਗਾਏ ਸਨ।
ਪੁਲਿਸ ਤੋਂ ਪ੍ਰਰਾਪਤ ਜਾਣਕਾਰੀ ਅਨੁਸਾਰ ਪਿੰਡ ਦੂੰਦੀਮਾਜਰਾ ਦੇ ਸਤਵੰਤ ਸਿੰਘ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮਨਪ੍ਰਰੀਤ ਕੌਰ ਹਾਲ ਵਾਸੀ ਆਸਟੇ੍ਲੀਆ ਨਾਲ ਪੰਜ ਸਾਲ ਪਹਿਲਾਂ ਸਤਵੰਤ ਸਿੰਘ ਦਾ ਵਿਆਹ ਹੋਇਆ ਸੀ। ਵਿਆਹ ਦਾ ਸਾਰਾ ਖ਼ਰਚਾ ਅਤੇ ਲੜਕੀ ਨੂੰ ਆਸਟੇ੍ਲੀਆ ਭੇਜਣ ਲਈ ਸਾਰਾ ਖ਼ਰਚਾ ਸਤਵੰਤ ਸਿੰਘ ਤੇ ਉਸਦੇ ਪਰਿਵਾਰ ਵੱਲੋਂ ਕੀਤਾ ਗਿਆ ਪਰ ਜਦੋਂ ਲੜਕੀ ਆਸਟੇ੍ਲੀਆ ਪਹੁੰਚ ਗਈ ਤਾਂ ਉਸ ਨੇ ਲੜਕੇ ਨੂੰ ਆਸਟੇ੍ਲੀਆ ਨਾ ਬੁਲਾ ਕੇ ਉਸ ਨਾਲ ਕਰੀਬ 30 ਲੱਖ ਦੀ ਧੋਖਾਧੜੀ ਕੀਤੀ। ਹੁਣ ਇਸ ਲੜਕੀ ਨੂੰ ਆਸਟੇ੍ਲੀਆ ਗਈ ਨੂੰ ਚਾਰ ਸਾਲ ਹੋ ਗਏ ਹਨ ਪਰ ਲੜਕੀ ਨੇ ਲੜਕੇ ਨੂੰ ਵਿਦੇਸ਼ ਨਹੀਂ ਬੁਲਾਇਆ। ਇਸ ਮਸਲੇ ਦੇ ਹੱਲ ਲਈ ਦੋਹਾਂ ਧਿਰਾਂ ਦੀ ਕਈ ਵਾਰ ਗੱਲਬਾਤ ਹੋ ਚੁੱਕੀ ਹੈ ਪਰ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਿਸ ਨੇ ਮਨਪ੍ਰਰੀਤ ਕੌਰ ਪਤਨੀ ਸਤਵੰਤ ਸਿੰਘ ਵਾਸੀ ਦੂੰਦੀਮਾਜਰਾ, ਹਾਲ ਵਾਸੀ ਆਸਟੇ੍ਲੀਆ, ਕੇਵਲ ਸਿੰਘ, ਲਖਵਿੰਦਰ ਕੌਰ, ਪੰਜਾਬ ਸਿੰਘ ਵਾਸੀਆਨ ਗਗਰੌਲੀ, ਤਹਿਸੀਲ ਜ਼ਿਲ੍ਹਾ ਪਟਿਆਲਾ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।