ਪਟਿਆਲਾ, 3 ਅਪ੍ਰੈਲ, 2023- ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਦੂਜੇ ਦਿਨ ਐਤਵਾਰ ਨੂੰ ਵੀ ਕਾਂਗਰਸ ਦੇ ਕਿਸੇ ਵੱਡੇ ਨੇਤਾ ਜਾਂ ਸੂਬਾਈ ਕਾਰਜਕਾਰਨੀ ਦੇ ਮੈਂਬਰ ਨੇ ਮੁਲਾਕਾਤ ਨਹੀਂ ਕੀਤੀ। ਇੱਥੋਂ ਤੱਕ ਕਿ ਪਟਿਆਲਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨਰੇਸ਼ ਦੁੱਗਲ ਵੀ ਸਿੱਧੂ ਨੂੰ ਮਿਲਣ ਨਾ ਪੁੱਜੇ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਕਾਂਗਰਸ ਦਾ ਕੋਈ ਵੱਡਾ ਨੇਤਾ ਵੀ ਸਿੱਧੂ ਦੀ ਰਿਹਾਈ ਸਮੇਂ ਮੌਜੂਦ ਨਹੀਂ ਸਨ।
ਸਿਆਸੀ ਗਲਿਆਰਿਆਂ ’ਚ ਹੁਣ ਇਸ ਗੱਲ ਬਾਰੇ ਚਰਚਾ ਸ਼ੁਰੂ ਹੋ ਗਈ ਹੈ ਕਿ ਕਾਂਗਰਸ ਦੇ ਸੂਬਾ ਪੱਧਰ ਦੇ ਨੇਤਾ ਸਿੱਧੂ ਨੂੰ ਅਹਿਮੀਅਤ ਨਹੀਂ ਦੇ ਰਹੇ ਤੇ ਸੂਬਾ ਕਾਂਗਰਸ ’ਚ ਆਪਣੀ ਅਗਲੀ ਪਾਰੀ ਖੇਡਣ ਲਈ ਸਿੱਧੂ ਨੂੰ ਹਾਈ ਕਮਾਨ ਦੇ ਸਹਾਰੇ ਦੀ ਉਡੀਕ ਕਰਨੀ ਪੈ ਸਕਦੀ ਹੈ। ਪਾਰਟੀ ਸੂਤਰਾਂ ਮੁਤਾਬਕ ਸਿੱਧੂ ਵੀ ਇਸ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹਨ ਤੇ ਸ਼ਾਇਦ ਇਹੀ ਕਾਰਨ ਹੈ ਕਿ ਰਿਹਾਈ ਤੋਂ ਫ਼ੌਰੀ ਬਾਅਦ ਸਿੱਧੂ ਨੇ ਨਾ ਸਿਰਫ਼ ਗਾਂਧੀ ਪਰਿਵਾਰ ਦੀ ਸ਼ਲਾਘਾ ਕੀਤੀ ਬਲਕਿ ਕੇਂਦਰ ਸਰਕਾਰ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਸੀ ਕਿ ਇਸ ਦੇਸ਼ ’ਚ ਜਦੋਂ ਵੀ ਤਾਨਾਸ਼ਾਹੀ ਆਈ ਹੈ, ਉਦੋਂ ਕ੍ਰਾਂਤੀ ਹੋਈ ਹੈ। ਹੁਣ ਕ੍ਰਾਂਤੀ ਦਾ ਨਾਂ ਰਾਹੁਲ ਗਾਂਧੀ ਹੈ।
ਇਸ ਸਮੇਂ ਸੂਬਾ ਕਾਂਗਰਸ ਦਾ ਸਾਰਾ ਧਿਆਨ 10 ਮਈ ਨੂੰ ਹੋਣ ਵਾਲੀ ਜਲੰਧਰ ਲੋਕ ਸਭਾ ਦੀ ਸੀਟ ਦੀ ਜ਼ਿਮਨੀ ਚੋਣ ’ਤੇ ਹੈ। ਕਿਉਂਕਿ ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕ ਰਹੇ ਹਨ ਤੇ ਉਹ ਚਾਹੁਣਗੇ ਕਿ ਪਾਰਟੀ ਹਾਈਕਮਾਨ ਉਨ੍ਹਾਂ ਨੂੰ ਇਸ ਚੋਣ ਲਈ ਕੋਈ ਅਹਿਮ ਜ਼ਿੰਮੇਵਾਰੀ ਸੌਂਪੇ, ਪਰ ਇਹ ਸਥਿਤੀ ਵੀ ਉਨ੍ਹਾਂ ਲਈ ਏਨੀ ਸੋਖੀ ਨਹੀਂ ਹੋਵੇਗੀ। ਕਾਰਨ ਇਹ ਹੈ ਕਿ ਜ਼ਿਮਨੀ ਚੋਣ ਦੀ ਮੁਹਿੰਮ ਦੀ ਕਮਾਨ ਕਾਂਗਰਸ ਨੇ ਵਿਧਾਇਕ ਤੇ ਸਾਬਕਾ ਮੰਤਰੀ ਗੁਰਜੀਤ ਸਿੰਘ ਨੂੰ ਸੌਂਪੀ ਹੋਈ ਹੈ। ਰਾਣਾ ਗੁਰਜੀਤ ਤੇ ਨਵਜੋਤ ਸਿੱਧੂ ਵਿਚਕਾਰ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਉਦੋਂ ਟਕਰਾਅ ਪੈਦਾ ਹੋ ਗਿਆ ਸੀ ਜਦੋਂ ਸੁਲਤਾਨ ਪੁਰ ਲੋਧੀ ਤੋਂ ਰਾਣਾ ਗੁਰਜੀਤ ਆਪਣੇ ਪੁੱਤਰ ਰਾਣਾ ਇੰਦਰਪ੍ਰਤਾਪ ਲਈ ਟਿਕਟ ਚਾਹੁੰਦੇ ਸਨ ਪਰ ਪਾਰਟੀ ਨੇ ਨਵਤੇਜ਼ ਚੀਮਾ ਨੂੰ ਟਿਕਟ ਦਿੱਤੀ ਤੇ ਸਿੱਧੂ ਚੀਮਾ ਦੀ ਸੁਪੋਰਟ ’ਚ ਸਨ। ਹਾਲਾਂਕਿ ਨਵਤੇਜ ਚੀਮਾ ਇਹ ਚੋਣ ਹਾਰ ਗਏ ਸਨ। ਉਹ ਹੁਣ ਵੀ ਸਿੱਧੂ ਦੇ ਕਰੀਬੀਆਂ ’ਚੋਂ ਇਕ ਹਨ। ਇਸ ਹਾਲਤ ’ਚ ਇਹ ਵੀ ਦੇਖਣ ’ਚ ਦਿਲਚਸਪੀ ਹੋਵੇਗੀ ਕਿ ਕੀ ਸਿੱਧੂ ਜਲੰਧਰ ਜ਼ਿਮਨੀ ਚੋਣ ਲਈ ਕੋਈ ਵੱਡੀ ਜ਼ਿੰਮੇਵਾਰੀ ਹਾਸਲ ਕਰਨ ’ਚ ਕਾਮਯਾਬ ਹੋ ਸਕਣਗੇ ਜਾਂ ਨਹੀਂ।