ਚੰਡੀਗੜ੍ਹ, 11 ਦਸੰਬਰ 2023 – ਸਰਕਾਰੀ ਹਸਪਤਾਲ ਵਿੱਚ ਹੁਣ ਮਰੀਜ਼ਾਂ ਨੂੰ ਲਾਈਨ ‘ਚ ਲੱਗਣ ਤੋਂ ਮੁਕਤੀ ਮਿਲੇਗੀ , ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ Online Appointment ਵੀ ਮਿਲੇਗੀ। ਪੰਜਾਬ ਸਰਕਾਰ ਜਲਦੀ ਹੀ ਸਿਹਤ ਖੇਤਰ ’ਚ ਇਕ ਹੋਰ ਬਦਲਾਅ ਕਰਨ ਦੀ ਤਿਆਰੀ ’ਚ ਹੈ। ਸੂਬੇ ’ਚ 664 ਆਮ ਆਦਮੀ ਕਲੀਨਿਕ ਚੱਲ ਰਹੇ ਹਨ।
ਜਦਕਿ ਮੁੱਖ ਮੰਤਰੀ ਭਗਵੰਤ ਮਾਨ 100 ਹੋਰ ਕਲੀਨਿਕ ਜਲਦ ਖੋਲ੍ਹਣ ਦਾ ਐਲਾਨ ਕਰ ਚੁੱਕੇ ਹਨ। ਉੱਥੇ, ਸਿਹਤ ਵਿਭਾਗ ਮਰੀਜ਼ਾਂ ਨੂੰ ਲਾਈਨ ’ਚ ਖੜ੍ਹੇ ਰਹਿਣ ਤੋਂ ਮੁਕਤੀ ਦਿਵਾਉਣ ਦੀ ਤਿਆਰੀ ’ਚ ਹੈ। ਸਰਕਾਰ ਦੀ ਯੋਜਨਾ ਹੈ ਕਿ ਵੱਡੇ ਸ਼ਹਿਰਾਂ ’ਚ ਮਰੀਜ਼ਾਂ ਨੂੰ ਆਨਲਾਈਨ ਅਪੁਆਇੰਟਮੈਂਟ ਮਿਲੇ। ਜਿਸ ਨਾਲ ਉਨ੍ਹਾਂ ਨੂੰ ਹਸਪਤਾਲ ’ਚ ਲਾਈਨ ’ਚ ਨਾ ਲੱਗਣਾ ਪਵੇ।
ਆਮ ਆਦਮੀ ਕਲੀਨਿਕ ਤੇ 42 ਸੇਵਾਵਾਂ ਨੂੰ ਘਰ ’ਤੇ ਦੇਣ ਤੋਂ ਬਾਅਦ ਹੁਣ ਹਸਪਤਾਲਾਂ ’ਚ ਭੀੜ ਘੱਟ ਕਰਨ ਦੀ ਤਿਆਰੀ ਹੈ। ਹਾਲੇ ਤਕ ਮਰੀਜ਼ ਨੂੰ ਹਸਪਤਾਲ ’ਚ ਜਾ ਕੇ ਪਰਚੀ ਜਾਂ ਕਾਰਡ ਬਣਵਾਉਣਾ ਪੈਂਦਾ ਸੀ। ਜਿਸ ਤੋਂ ਬਾਅਦ ਡਾਕਟਰ ਦੇ ਕਮਰੇ ਦੇ ਬਾਹਰ ਲਾਈਨ ’ਚ ਲੱਗ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ। ਇਸ ਸਾਰੀ ਪ੍ਰਕਿਰਿਆ ’ਚ ਮਰੀਜ਼ਾਂ ਨੂੰ ਦੋ ਵਾਰ ਲਾਈਨ ’ਚ ਲੱਗਣਾ ਪੈਂਦਾ ਹੈ।
ਪਹਿਲੀ ਵਾਰ ਪਰਚੀ ਬਣਵਾਉਣ ਲਈ ਤੇ ਦੂਜੀ ਵਾਰ ਡਾਕਟਰ ਨੂੰ ਦਿਖਾਉਣ ਲਈ। ਪੀਜੀਆਈ ਸਮੇਤ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ’ਚ ਆਨਲਾਈਨ ਕਾਰਡ ਬਣਵਾਉਣ ਦੀ ਸਹੂਲਤ ਹੈ। ਜਿਸ ਨਾਲ ਪਰਚੀ ਬਣਵਾਉਣ ਵਾਲੇ ਕਾਊਂਟਰ ’ਤੇ ਭੀੜ ਘੱਟ ਹੋਈ ਹੈ ਪਰ ਪੰਜਾਬ ਸਰਕਾਰ ਹੁਣ ਮਰੀਜ਼ਾਂ ਨੂੰ ਆਨਲਾਈਨ ਅਪੁਆਇੰਟਮੈਂਟ ਦੇਣ ਦੀ ਤਿਆਰੀ ’ਚ ਹੈ।
ਜਾਣਕਾਰੀ ਮੁਤਾਬਕ ਜਿਸ ਮਰੀਜ਼ ਨੂੰ ਆਨਲਾਈਨ ਅਪੁਆਇੰਟਮੈਂਟ ਜਿਸ ਸਮੇਂ ’ਤੇ ਮਿਲੇਗੀ ਉਸ ਨੂੰ ਫਿਰ ਉਸੇ ਵੇਲੇ ਡਾਕਟਰ ਦੇਖੇਗਾ। ਫਿਰ ਚਾਹੇ ਪਰਚੀ ਬਣਵਾ ਕੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਕਿੰਨੀ ਵੀ ਹੋਵੇ। ਇਸ ਯੋਜਨਾ ਨੂੰ ਪਾਇਲਟ ਪ੍ਰਾਜੈਕਟ ਦੇ ਰੂਪ ’ਚ ਸ਼ੁਰੂਆਤ ’ਚ ਚਾਰ ਤੋਂ ਪੰਜ ਵੱਡੇ ਸ਼ਹਿਰਾਂ ’ਚ ਲਾਗੂ ਕੀਤਾ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਜਿੱਥੇ ਮਰੀਜ਼ਾਂ ਦਾ ਸਮਾਂ ਬਚੇਗਾ ਉੱਥੇ ਹਸਪਤਾਲਾਂ ’ਚ ਬੇਵਜ੍ਹਾ ਦੀ ਭੀੜ ਵੀ ਘੱਟ ਹੋਵੇਗੀ।
ਡਾਕਟਰਾਂ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਉਸ ਨੂੰ ਕਿੰਨੇ ਮਰੀਜ਼ ਦੇਖਣੇ ਪੈਣੇ ਹਨ। ਜਾਣਕਾਰੀ ਮੁਤਾਬਕ ਇਸ ਯੋਜਨਾ ਨੂੰ ਜਲਦ ਹੀ ਮੁੱਖ ਮੰਤਰੀ ਮਨਜ਼ੂਰੀ ਦੇ ਦੇਣਗੇ। ਜਿਸ ਤੋਂ ਬਾਅਦ ਹੀ ਇਹ ਯੋਜਨਾ ਲਾਗੂ ਹੋਵੇਗੀ। ਪਹਿਲੇ ਪੜਾਅ ’ਚ ਸਰਕਾਰ ਨੇ ਆਮ ਆਦਮੀ ਕਲੀਨਿਕ ਨੂੰ ਕੰਪਿਊਟਰਾਈਜ਼ ਕਰ ਕੇ ਜ਼ਿਲ੍ਹਾ ਹਸਪਤਾਲਾਂ ’ਚੋਂ ਰੁਟੀਨ ਬਿਮਾਰੀਆਂ ਵਾਲੇ ਮਰੀਜ਼ਾਂ ਦੀ ਭੀੜ ਘੱਟ ਕੀਤੀ ਜਾ ਸਕਦੀ ਹੈ।
ਕਲੀਨਿਕ ’ਚ 84 ਤਰ੍ਹਾਂ ਦੀਆਂ ਦਵਾਈਆਂ ਤੇ 40 ਤਰ੍ਹਾਂ ਦੇ ਟੈਸਟ ਹੋ ਰਹੇ ਹਨ। ਸਰਕਾਰ ਹੁਣ ਜ਼ਿਲ੍ਹਾ ਹਸਪਤਾਲਾਂ ’ਤੇ ਲਾਈਨ ਨੂੰ ਘੱਟ ਕਰਨਾ ਚਾਹੁੰਦੀ ਹੈ। ਆਨਲਾਈਨ ਅਪੁਆਇੰਟਮੈਂਟ ਲੈਣ ’ਤੇ ਮਰੀਜ਼ ਨੂੰ ਪਤਾ ਹੋਵੇਗਾ ਕਿ ਉਸ ਨੂੰ ਕਿੰਨੇ ਵਜੇ ਡਾਕਟਰ ਦੇਖੇਗਾ। ਜਿਸ ਨਾਲ ਉਸ ਨੂੰ ਸਮੇਂ ਤੋਂ ਪਹਿਲਾਂ ਆ ਕੇ ਲਾਈਨ ’ਚ ਨਹੀਂ ਲੱਗਣਾ ਪਵੇਗਾ।