12 ਮਈ 2023- ਜਲੰਧਰ ਜ਼ਿਮਨੀ ਚੋਣ ਲਈ ਵੋਟਾਂ ਵਾਲੇ ਦਿਨ ਪਿੰਡ ਰੂਪੇਵਾਲ ਵਿਖੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਸ਼ਾਹਕੋਟ ਹਲਕੇ ਦੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ 13 ਵਿਅਕਤੀਆਂ ਖਿਲਾਫ ਸ਼ਾਹਕੋਟ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਡਰਾਈਵਰ ਗਗਨਦੀਪ ਅਰੋੜਾ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿਚ ਗਗਨਦੀਪ ਅਰੋੜਾ ਵਾਸੀ ਮੁਹੱਲਾ ਸ਼ੇਖੂਪੁਰ ਤਹਿਸੀਲ ਜੰਡਿਆਲਾ (ਅੰਮ੍ਰਿਤਸਰ) ਨੇ ਦੱਸਿਆ ਕਿ ਉਹ ਵਿਧਾਇਕ ਦਲਬੀਰ ਸਿੰਘ ਟੌਂਗ ਦਾ ਡਰਾਈਵਰ ਹੈ। 10 ਮਈ ਨੂੰ ਜਦੋਂ ਵਿਧਾਇਕ ਟੌਂਗ ਤੇ ਉਨ੍ਹਾਂ ਦਾ ਸਰਕਾਰੀ ਅਮਲਾ ਜੋ ਜਿਪਸੀ ਵਿਚ ਸੀ, ਨਾਲ ਬਾਬਾ ਬਕਾਲਾ ਤੋਂ ਵਾਇਆ ਜਲੰਧਰ, ਨਕੋਦਰ ਤੋਂ ਸੁਲਤਾਨਪੁਰ ਲੋਧੀ ਜਾ ਰਹੇ ਸਨ। ਮਲਸੀਆਂ ਵਿਖੇ ਜਾਮ ਲੱਗਾ ਹੋਣ ਕਾਰਨ ਗੱਡੀਆਂ ਪਿੰਡਾਂ ਵੱਲ ਪਾ ਲਈਆਂ। ਜਦੋਂ ਪਿੰਡ ਰੂਪੇਵਾਲ ਵਿਚ ਦੀ ਲੰਘਣ ਲੱਗੇ ਤਾਂ ਉਸ ਸਮੇਂ 11:15 ਵਜੇ ਦੇ ਕਰੀਬ ਪਿੰਡ ਵਿਚੋਂ ਕਾਫੀ ਕਾਂਗਰਸੀ ਵਰਕਰਾਂ, ਜਿਨ੍ਹਾਂ ਦੀ ਅਗਵਾਈ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਕੀਤੀ ਜਾ ਰਹੀ ਸੀ, ਨੇ ਗੱਡੀਆਂ ਤੇ ਟਰੈਕਟਰ ਅੱਗੇ ਲਾ ਕੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਗੱਡੀ ਨੂੰ ਰੋਕ ਲਿਆ। ਗਗਨਦੀਪ ਅਰੋੜਾ ਨੇ ਦੱਸਿਆ ਕਿ ਉਸਦੀ ਜਿਪਸੀ ਦੀ ਚਾਬੀ ਵੀ ਖਿੱਚ ਲਈ ਤੇ ਜਦੋਂ ਮੁਲਾਜ਼ਮਾਂ ਨੇ ਕਾਂਗਰਸੀ ਵਰਕਰਾਂ ਨੂੰ ਅਜਿਹਾ ਕਰਨ ਤੋ ਰੋਕਿਆ ਤਾਂ ਉਹ ਮੁਲਾਜ਼ਮਾਂ ਨਾਲ ਲੜ੍ਹਨ ਲੱਗ ਪਏ ਤੇ ਸਰਕਾਰੀ ਡਿਊਟੀ ਕਰਨ ਤੋਂ ਰੋਕਿਆ। ਉਸ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਕਹਿਣ ‘ਤੇ ਇਕ ਸਲਾਹ ਹੋ ਕੇ ਕਾਫੀ ਦੇਰ ਰੋਕੀ ਰੱਖਿਆ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ।
ਸ਼ਾਹਕੋਟ ਪੁਲਿਸ ਨੇ ਗਗਨਦੀਪ ਅਰੋੜਾ ਦੇ ਬਿਆਨਾਂ ਦੇ ਅਧਾਰ ‘ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਰੂਪ ਸਿੰਘ, ਲਖਵੀਰ ਸਿੰਘ ਉਰਫ ਲੱਖਾ, ਅਕਾਸ਼ਪ੍ਰੀਤ ਸਿੰਘ, ਇਕਬਾਲ ਸਿੰਘ, ਬਲਵੀਰ ਸਿੰਘ, ਬਲਰਾਜ ਸਿੰਘ ਜੰਮੂ, ਹਰਜਿੰਦਰ ਸਿੰਘ ਡੀਸੀ ਸਰਪੰਚ, ਹਰਦੀਪ ਸਿੰਘ ਕੁੱਕੂ, ਸੁਖਦੀਪ ਸਿੰਘ ਸੋਨੂੰ, ਸੁਰਿੰਦਰ ਸਿੰਘ, ਚੈਂਚਲ ਸਿੰਘ ਅਤੇ ਅਸ਼ਵਿੰਦਰ ਸਿੰਘ ਨੀਟੂ ਖਿਲਾਫ ਧਾਰਾ 341, 186, 353 ਤੇ 148 ਤਹਿਤ ਮਾਮਲਾ ਦਰਜ ਕਰ ਲਿਆ ਹੈ।