ਐੱਸ ਏ ਐੱਸ ਨਗਰ 28 ਮਾਰਚ 2023 – ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਪ੍ਰਤੀਭਾ ਖੋਜ ਮੁਕਾਬਲੇ ਹਰ ਸਾਲ ਕਰਵਾਉਣ ਦਾ ਐਲਾਨ ਕੀਤਾ ਹੈ। ਅੱਜ ਸਥਾਨਿਕ ਅਮੇਟੀ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਸਬੰਧੀ ਕਰਵਾਏ ਗਏ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ‘ਪ੍ਰਤਿਭਾ ਖੋਜ ਮੁਕਾਬਲੇ’ ਪਹਿਲੀ ਵਾਰ ਕਰਵਾਏ ਗਏ ਹਨ ਅਤੇ ਹੁਣ ਇਹਨਾਂ ਨੂੰ ਹਰ ਸਾਲ ਕਰਵਾਇਆ ਜਾਵੇਗਾ । ਉਹਨਾਂ ਕਿਹਾ ਕਿ ਬੱਚਿਆਂ ਦੀ ਕਲਾ ਨੂੰ ਨਿਖਾਰਨ ਵਾਲੇ ਅਧਿਆਪਕਾਂ ਨੇ ਮਿਹਨਤ ਨਾਲ ਇਹਨਾਂ ਬੱਚਿਆਂ ਦੀ ਤਿਆਰੀ ਕਰਵਾਈ ਹੈ। ਇਹ ਬੱਚੇ ਦੂਸਰੇ ਬੱਚਿਆਂ ਤੋਂ ਵੀ ਵੱਧ ਪ੍ਰਤਿਭਾਸ਼ਾਲੀ ਹੁੰਦੇ ਹਨ ਜੇਕਰ ਇਹਨਾਂ ਢੁੱਕਵਾਂ ਸਮਾਂ ਦਿੱਤਾ ਜਾਵੇ। ਇਸ ਮੌਕੇ ਸ੍ਰੀ ਬੈਂਸ ਨੇ ਹੌਸਲਾਅਫਜ਼ਾਈ ਲਈ ਵਿਸ਼ੇਸ਼ ਤੌਰ ਤੇ ਪ੍ਰਮਾਣ ਪੱਤਰ ਅਤੇ ਟਰਾਫੀਆਂ ਦੇ ਕੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ।
ਇਸ ਸਮੇਂ ਲਗਾਈਆਂ ਗਈਆਂ ਵੱਖ ਵੱਖ ਸਟਾਲਾਂ ਦਾ ਦੌਰਾ ਕਰਕੇ ਹਰ ਸਟਾਲ ਤੇ ਬਰੀਕੀ ਨਾਲ਼ ਜਾਣਕਾਰੀ ਹਾਸਲ ਕੀਤੀ ਅਤੇ ਇਹਨਾਂ ਦੀ ਪ੍ਰਸੰਸਾ ਕੀਤੀ। ਇਹਨਾਂ ਸਟਾਲਾਂ ਵਿੱਚ ਵੀ ਵਿਸ਼ੇਸ਼ ਲੋੜਾਂ ਵਾਲ਼ੇ ਬੱਚਿਆਂ ਨੇ ਆਪੋ ਆਪਣੇ ਹੁਨਰ ਦੀ ਪ੍ਰਦਰਸ਼ਨੀ ਲਗਾਈ ਹੋਈ ਸੀ, ਜਿਨ੍ਹਾਂ ਵਿੱਚ ਥ੍ਰੀ ਡੀ ਪ੍ਰਿੰਟਿੰਗ,ਚੱਪਲ ਮੇਕਿੰਗ,ਚਾਕ ਮੇਕਿੰਗ, ਪੈਨ ਮੇਕਿੰਗ,ਟੈਬ ਲੈਬ, ਫਿਜ਼ਿਓਥਰੈਪੀ ਲੈਬ,ਕਟਿੰਗ ਅਤੇ ਟੇਲਰਿੰਗ ਅਤੇ ਬਿਊਟੀ ਐਂਡ ਵੈੱਲਨੈੱਸ ਆਦਿ ਸਨ। ਇਸ ਮੌਕੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਸੱਭਿਆਚਾਰ ਪ੍ਰੋਗਰਾਮ ਦੀ ਪੇਸ਼ਕਾਰੀ ਦੀ ਸਮੂਹ ਮਾਪਿਆਂ,ਅਧਿਆਪਕਾਂ ਅਤੇ ਅਧਿਕਾਰੀਆਂ ਨੇ ਖੂਬ ਪ੍ਰਸੰਸਾ ਕੀਤੀ ਗਈ।
ਅੱਜ ਇਸ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਇੱਕ ਰੋਜ਼ਾ ਸੂਬਾ ਪੱਧਰੀ ਪ੍ਰਤਿਭਾ ਖੋਜ ਮੁਕਾਬਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ। ਇਹ ਪ੍ਰੋਗਰਾਮ ਇਨਕਲੂਸਿਵ ਐਜੂਕੇਸ਼ਨ ਫਾਰ ਡਿਸਏਬਲਡ (ਆਈ.ਈ.ਡੀ.) ਅਧੀਨ ਸਿੱਖਿਆ ਲੈ ਰਹੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤੇ ਗਏ ਜਿਸ ਵਿੱਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ ਬੱਚਿਆਂ ਵੱਲੋਂ ਸਵਾਗਤੀ ਭਾਸ਼ਣ ਤੋਂ ਸ਼ੁਰੂਆਤ ਕਰਦੇ ਹੋਏ ਸੰਕੇਤਕ ਭਾਸ਼ਾ ਵਿੱਚ ਕੌਮੀ ਗਾਣ, ਸ਼ਬਦ ਗਾਇਨ,ਆਤਮ ਕਥਾ,ਲੁੱਡੀ ਭੰਗੜਾ,ਗੀਤ ਗਾਇਨ, ਨਾਟਕ, ਕੱਠਪੁਤਲੀ ,ਮਲਵਈ ਗਿੱਧਾ ਆਦਿ ਦੀ ਪੇਸ਼ਕਾਰੀ ਕੀਤੀ ਗਈ। ਇਸ ਪ੍ਰੋਗਰਾਮ ਵਿੱਚ 500 ਦੇ ਲੱਗਭਗ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ, ਉਹਨਾਂ ਦੇ ਮਾਪਿਆਂ, ਅਧਿਆਪਕਾਂ/ਕਰਮਚਾਰੀਆਂ ਵੱਲੋਂ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਵਿੱਚ ਚਿੱਤਰਕਾਰੀ, ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।
ਜਿਨ੍ਹਾਂ ਵਿੱਚ ਸ਼ਾਈਨਪ੍ਰੀਤ ਮੋਗਾ ਨੇ ਪੋਸਟਰ ਮੇਕਿੰਗ, ਗੁਰਦਿੱਤਾ ਸਿੰਘ ਬਰਨਾਲਾ ਨੇ ਵੀ ਪੋਸਟਰ ਮੇਕਿੰਗ,ਸੁਖਮਨ ਢੀਂਗਰਾ ਫਰੀਦਕੋਟ ਨੇ ਚਿੱਤਰਕਾਰੀ, ਲਵਪ੍ਰੀਤ ਸਿੰਘ ਪਟਿਆਲਾ ਨੇ ਵੀ ਚਿੱਤਰਕਾਰੀ, ਗੋਲਡੀ ਸ਼ਰਮਾਂ ਮਲੇਰਕੋਟਲਾ ਨੇ ਸਲੋਗਨ,ਮਾਨਿਕ ਫਾਜ਼ਿਲਕਾ ਨੇ ਵੀ ਸਲੋਗਨ ਵਿੱਚ ਸਰਵੋਤਮ ਪ੍ਰਦਰਸ਼ਨ ਕੀਤਾ। ਇਸ ਮੌਕੇ ਸਮੂਹ ਬੱਚਿਆਂ ਅਤੇ ਮਾਪਿਆਂ ਅਤੇ ਅਧਿਕਾਰੀਆਂ ਕਰਮਚਾਰੀਆਂ ਲਈ ਖਾਣ ਪੀਣ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ। ਜਿਸ ਦੀ ਬੱਚਿਆਂ ਵੱਲੋਂ ਪੂਰੀ ਸੰਤੁਸ਼ਟੀ ਜਤਾਈ ਗਈ ਹੈ ਮਾਪਿਆਂ ਵੱਲੋਂ ਵੀ ਇੱਥੇ ਰਹਿਣ ਸਹਿਣ ਦੇ ਵਧੀਆ ਪ੍ਰਬੰਧ ਲਈ ਵੀ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਪੈਸ਼ਲ ਸੈਕਟਰੀ ਟੂ ਐਜੂਕੇਸ਼ਨ ਗੌਰੀ ਪਰਾਸ਼ਰ, ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ,ਡਿਪਟੀ ਐਸੱਪੀਡੀ ਅਮਨਦੀਪ ਕੌਰ,ਏਐੱਸਪੀਡੀ ਸਵਤੰਤਰ ਕਰੀਰ,ਸਟੇਟ ਸਪੈਸ਼ਲ ਐਜੂਕੇਟਰ ਨਿਧੀ ਗੁਪਤਾ,ਸਹਾਇਕ ਆਈਈਡੀ ਮਨਪ੍ਰੀਤ ਸਿੰਘ ਅਤੇ ਡਾਟਾ ਐਂਟਰੀ ਇਕਬਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੁਹਾਲੀ ਬਲਜਿੰਦਰ ਸਿੰਘ,ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਮੁਹਾਲੀ ਅਸ਼ਵਨੀ ਕੁਮਾਰ ਦੱਤਾ ਅਤੇ ਰਾਜ ਪੱਧਰੀ ਅਧਿਕਾਰੀ ਅਤੇ ਅਧਿਆਪਕ, ਸਮੂਹ ਜ਼ਿਲ੍ਹਿਆਂ ਤੋਂ ਜ਼ਿਲ੍ਹਾ ਸਪੈਸ਼ਲ ਐਜੂਕੇਟਰਜ਼ ਮੌਜੂਦ ਸਨ।