ਨਵੀਂ ਦਿੱਲੀ, 6 ਅਪ੍ਰੈਲ 2023 – ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਰੱਖਿਆ ਮੰਤਰੀ ਏ ਕੇ ਐਂਟਨੀ ਦੇ ਪੁੱਤਰ ਅਨਿਲ ਐਂਟਨੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਅਨਿਲ ਨੇ ਬੀਬੀਸੀ ਵਿਵਾਦ ਤੋਂ ਬਾਅਦ ਸਖ਼ਤ ਵਿਰੋਧ ਜਤਾਇਆ ਸੀ ਅਤੇ ਕਾਂਗਰਸ ਨਾਲ ਮਤਭੇਦ ਹੋਣ ਤੋਂ ਬਾਅਦ ਪਾਰਟੀ ਛੱਡ ਦਿੱਤੀ ਸੀ।
ਅਨਿਲ ਐਂਟਨੀ ਨੂੰ ਕੇਰਲ ਪ੍ਰਦੇਸ਼ ਪ੍ਰਧਾਨ ਕੇ ਸੁਰੇਂਦਰਨ ਅੱਜ ਭਾਜਪਾ ਹੈੱਡਕੁਆਰਟਰ ਲੈ ਕੇ ਗਏ। ਦੱਸ ਦੇਈਏ ਕਿ ਅਨਿਲ ਐਂਟਨੀ ਨੇ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ (ਕੇਪੀਸੀਸੀ) ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਪੀਐਮ ਮੋਦੀ ਅਤੇ ਗੁਜਰਾਤ ਦੰਗਿਆਂ ‘ਤੇ ਬਣੀ ਵਿਵਾਦਤ ਬੀਬੀਸੀ ਡਾਕੂਮੈਂਟਰੀ ‘ਤੇ ਟਵੀਟ ਕੀਤਾ ਸੀ, ਜਿਸ ਤੋਂ ਬਾਅਦ ਪਾਰਟੀ ‘ਚ ਵਿਵਾਦ ਖੜ੍ਹਾ ਹੋ ਗਿਆ ਸੀ।
ਅਨਿਲ ਐਂਟਨੀ ਨੂੰ ਅੱਜ ਇੱਕ ਰਸਮੀ ਸਮਾਗਮ ਵਿੱਚ ਭਾਜਪਾ ਆਗੂ ਪੀਯੂਸ਼ ਗੋਇਲ ਅਤੇ ਵੀ ਮੁਰਲੀਧਰਨ ਅਤੇ ਪਾਰਟੀ ਦੀ ਕੇਰਲ ਇਕਾਈ ਦੇ ਮੁਖੀ ਕੇ ਸੁਰੇਂਦਰਨ ਨੇ ਪਾਰਟੀ ਵਿੱਚ ਸ਼ਾਮਲ ਕੀਤਾ। ਮੈਂਬਰਸ਼ਿਪ ਲੈਣ ਤੋਂ ਬਾਅਦ ਅਨਿਲ ਐਂਟਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦਾ ਹਰ ਵਰਕਰ ਇਹ ਮੰਨਦਾ ਹੈ ਕਿ ਉਹ ਇੱਕ ਪਰਿਵਾਰ ਲਈ ਕੰਮ ਕਰ ਰਿਹਾ ਹੈ, ਪਰ ਮੇਰਾ ਮੰਨਣਾ ਹੈ ਕਿ ਮੈਂ ਕਾਂਗਰਸ ਲਈ ਕੰਮ ਕਰ ਰਿਹਾ ਸੀ।ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ।
ਦੱਸ ਦੇਈਏ ਕਿ ਅਨਿਲ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੇ ਕਾਫੀ ਕਰੀਬ ਰਹੇ ਹਨ। ਉਨ੍ਹਾਂ ਨੇ ਅਸਤੀਫਾ ਪੱਤਰ ‘ਚ ਵੀ ਥਰੂਰ ਦਾ ਧੰਨਵਾਦ ਕੀਤਾ ਹੈ। ਉਹ ਕਾਂਗਰਸ ਦੀ ਮੁੱਖ ਧਾਰਾ ਦੀ ਰਾਜਨੀਤੀ ਤੋਂ ਹਮੇਸ਼ਾ ਦੂਰ ਰਹੇ, ਪਰ ਹਮੇਸ਼ਾ ਵੱਡੇ ਮੁੱਦਿਆਂ ‘ਤੇ ਬੋਲਦੇ ਰਹੇ।