ਚੰਡੀਗੜ੍ਹ, 18 ਅਪ੍ਰੈਲ 2023- ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀਆਂ ਮੁਸ਼ਕਿਲਾਂ ਘਟਣ ਦੀ ਥਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਬੇਸ਼ੱਕ ਅਰੋੜਾ ਦੀ ਜ਼ਮਾਨਤ ਹੋ ਚੁੱਕੀ ਹੈ। ਅੱਜ ਇਕ ਵਾਰ ਫ਼ਿਰ ਵਿਜੀਲੈਂਸ ਦੀ ਟੀਮ ਸੁੰਦਰ ਸ਼ਾਮ ਅਰੋੜਾ ‘ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਚੱਲਦਿਆਂ ਸਾਬਕਾ ਮੰਤਰੀ ਦੇ ਨਾਮੀ ਸ਼ਾਪਿੰਗ ਮਾਲ ਅਤੇ ਪੈਲੇਸ ਦੀ ਪੈਮਾਇਸ਼ ਅਤੇ ਮੁਲਾਂਕਣ ਦਾ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਵੱਲੋਂ ਸੁੰਦਰ ਸ਼ਾਮ ਅਰੋੜਾ ਦੀ ਨਵੀਂ ਬਣੀ ਰਿਹਾਇਸ਼ ਦੀ ਵੀ ਪੈਮਾਇਸ਼ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਆਪਣੇ ਖਿਲਾਫ਼ ਦਰਜ ਹੋਣ ’ਤੇ ਸੁੰਦਰ ਸ਼ਾਮ ਅਰੋੜਾ ਨੇ ਜਾਂਚ ਕਰ ਰਹੇ ਇਕ ਵਿਜੀਲੈਂਸ ਅਧਿਕਾਰੀ ਨੂੰ ਪਹਿਲਾਂ ਇੱਕ ਕਰੋੜ ਰੁਪਏ ਰਿਸ਼ਵਤ ਦੀ ਪੇਸ਼ਕਸ਼ ਕੀਤੀ ਸੀ ਅਤੇ ਫ਼ਿਰ ਉਹ ਉਸਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 50 ਲੱਖ ਰੁਪਏ ਨਕਦ ਇਕ ਬੈੱਗ ਵਿੱਚ ਲੈ ਕੇ ਮੋਹਾਲੀ ਜਾ ਪੁੱਜੇ ਸਨ, ਜਿੱਥੇ ਵਿਜੀਲੈਂਸ ਨੇ ਟਰੈਪ ਲਗਾ ਕੇ ਉਨ੍ਹਾਂ ਨੂੰ ਉਕਤ ਰਕਮ ਸਮੇਤ ਗ੍ਰਿਫ਼ਤਾਰ ਕਰ ਲਿਆ ਸੀ।