ਬਨੂੜ, 24 ਜੁਲਾਈ 2023 – ਨਜ਼ਦੀਕੀ ਪਿੰਡ ਹੁਲਕਾ ਵਿਖੇ ਮੋਟਰ ‘ਤੇ ਰਹਿੰਦੇ ਪਰਵਾਸੀ ਮਜ਼ਦੂਰ ਪਰਿਵਾਰ ਦੇ ਇੱਕ ਦੋ ਸਾਲਾ ਲੜਕੇ ਦੀ ਦਸਤ ਅਤੇ ਉਲਟੀਆਂ ਲੱਗਣ ਨਾਲ ਮੌਤ ਹੋ ਗਈ। ਉਸ ਦਾ ਚਾਰ ਸਾਲਾ ਦੂਜੇ ਭਰਾ ਨੂੰ ਵੀ ਦਸਤ ਅਤੇ ਉਲਟੀਆਂ ਦੇ ਰੋਗ ਨੇ ਜਕੜਿਆ ਹੋਇਆ ਹੈ ਤੇ ਉਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਪਰਵਾਸੀ ਮਜ਼ਦੂਰ ਪਰਿਵਾਰ ਦਾ ਦੋ ਸਾਲਾ ਬੱਚਾ ਆਰੀਅਮ ਪੁੱਤਰ ਸੁਨੀਲ ਸਾਦਾ 21 ਜੁਲਾਈ ਤੋਂ ਉਲਟੀਆਂ ਅਤੇ ਦਸਤ ਤੋਂ ਪੀੜਤ ਸੀ। ਉਸ ਦੀ 22 ਜੁਲਾਈ ਨੂੰ ਸ਼ਾਮੀਂ ਮੌਤ ਹੋ ਗਈ। ਇਸੇ ਦਿਨ ਉਸ ਦੇ ਵੱਡੇ ਚਾਰ ਸਾਲਾ ਭਰਾ ਸਾਰਜਨ ਨੂੰ ਦਸਤ, ਪੇਟ ਦਰਦ ਅਤੇ ਉਲਟੀਆਂ ਲੱਗ ਗਈਆਂ। ਪਰਿਵਾਰਕ ਮੈਂਬਰਾਂ ਨੇ ਉਸ ਨੂੰ 23 ਜੁਲਾਈ ਨੂੰ ਮੁੱਢਲਾ ਸਿਹਤ ਕੇਂਦਰ ਕਾਲੋਮਾਜਰਾ ਵਿਖੇ ਦਾਖਲ ਕਰਾਇਆ। ਉਸ ਦੀ ਹਾਲਤ ਗੰਭੀਰ ਹੋਣ ਕਾਰਨ ਅੱਜ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫ਼ਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 20 ਜੁਲਾਈ ਨੂੰ ਪਿੰਡ ਤਸੌਲੀ ਵਿਖੇ ਗਿਆਰਾਂ ਸਾਲਾ ਅੰਸ਼ਿਕਾ ਪੁੱਤਰੀ ਨਾਗਰ ਸਿੰਘ ਦੀ ਪੇਟ ਦਰਦ ਅਤੇ ਉਲਟੀਆਂ ਨਾਲ ਮੌਤ ਹੋ ਗਈ ਸੀ। ਇੱਕੋ ਤਰ੍ਹਾਂ ਦੀ ਬਿਮਾਰੀ ਨਾਲ ਹੋ ਰਹੀਆਂ ਇਨ੍ਹਾਂ ਮੌਤਾਂ ਨੂੰ ਪਿੰਡਾਂ ਦੇ ਵਸਨੀਕ ਪੇਚਿਸ਼ ਨਾਲ ਜੋੜ ਕੇ ਵੇਖ ਰਹੇ ਹਨ। ਪਿੰਡਾਂ ਦੇ ਵਸਨੀਕਾਂ ਨੇ ਇਸ ਖੇਤਰ ਵਿੱਚ ਲੁੜੀਂਦੀਆਂ ਸਿਹਤ ਸੇਵਾਵਾਂ ਦੀ ਘਾਟ ਨੂੰ ਦੂਰ ਕਰਦਿਆਂ ਪਿੰਡ ਪੱਧਰ ਉੱਤੇ ਮੈਡੀਕਲ ਕੈਂਪ ਲਗਾਉਣ ਅਤੇ ਬਿਮਾਰੀਆਂ ਦੀ ਲੋੜੀਂਦੀ ਰੋਕਥਾਮ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਹੈ।
ਪੀਐੱਚਸੀ ਘੜੂੰਆਂ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਹੁਲਕਾ ਦੇ ਦੋ ਸਾਲਾ ਬੱਚੇ ਦੀ ਮੌਤ ਦਸਤਾਂ ਤੇ ਉਲਟੀਆਂ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਉਸ ਦੇ ਦੂਜੇ ਭਰਾ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਉਸ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਲੇਬਰ ਦੇ ਇਸ ਪਰਿਵਾਰ ਦੇ ਆਲੇ-ਦੁਆਲੇ ਹੋਰ ਕੋਈ ਆਬਾਦੀ ਨਹੀਂ ਹੈ ਤੇ ਵਿਭਾਗ ਪਿੰਡ ਵਿੱਚ ਵੀ ਸਰਵੇ ਕਰਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਸੌਲੀ ਵਾਲੀ ਲੜਕੀ ਨੂੰ ਸਿਰਫ਼ ਪੇਟ ਦਰਦ ਹੋਇਆ ਸੀ ਤੇ ਉਸ ਦਾ ਪੋਸਟਮਾਰਟਮ ਕਰਾਇਆ ਗਿਆ ਹੈ, ਜਿਸ ਦੀ ਰਿਪੋਰਟ ਮਗਰੋਂ ਕਾਰਨਾਂ ਦਾ ਪਤਾ ਲੱਗ ਸਕੇਗਾ।