ਅੰਮ੍ਰਿਤਸਰ,14 ਮਈ 2023 – ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ 4 ਸ਼ਰਧਾਲੂਆਂ ਦੀ ਵਿਰਾਸਤੀ ਥਾਂ ‘ਤੇ ਘੁੰਮ ਰਹੇ ਕੁਝ ਫੋਟੋਗ੍ਰਾਫਰਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।ਜਖਮੀ ਸ਼ਰਧਾਲੂਆਂ ਦੀ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸ਼ਹਿਰ ‘ਚ ਇਸ ਗੱਲ ਦੀ ਕਾਫੀ ਚਰਚਾ ਹੋ ਰਹੀ ਹੈ। ਦੇਰ ਰਾਤ ਪਤਾ ਲੱਗਾ ਕਿ ਫੋਟੋਗ੍ਰਾਫਰਾਂ ਨੇ ਕੋਤਵਾਲੀ ਥਾਣੇ ‘ਚ ਸ਼ਰਧਾਲੂਆਂ ਵਿਚਕਾਰ ਰਾਜ਼ੀਨਾਮਾ ਕਰਵਾ ਦਿੱਤਾ।ਕਿਸੇ ਧਿਰ ਨੇ ਇਕ ਦੂਜੇ ਖਿਲਾਫ ਸ਼ਿਕਾਇਤ ਦਰਜ ਨਹੀਂ ਕਰਵਾਈ।
ਮੌਕੇ ‘ਤੇ ਮੌਜੂਦ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਕਿਸੇ ਹੋਰ ਸ਼ਹਿਰ ਤੋਂ ਚਾਰ ਨੌਜਵਾਨ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਸਨ ਤਾਂ ਹੈਰੀਟੇਜ ਸਟਰੀਟ ‘ਤੇ ਦਰਜਨਾਂ ਫੋਟੋਗ੍ਰਾਫਰ ਸ਼ਰਧਾਲੂਆਂ ਅਤੇ ਸੈਲਾਨੀਆਂ ਦੀਆਂ ਫੋਟੋਆਂ ਖਿੱਚਣ ਲਈ ਅਕਸਰ ਹੀ ਘੁੰਮਦੇ ਰਹਿੰਦੇ ਹਨ, ਜਿਸ ਨੂੰ ਲੈ ਕੇ ਸ਼ਰਧਾਲੂਆਂ ਨਾਲ ਝਗੜਾ ਹੋ ਗਿਆ। ਇਲਜ਼ਾਮ ਹੈ ਕਿ ਫੋਟੋਗ੍ਰਾਫਰਜ਼ ਨੇ ਇਕੱਠੇ ਹੋ ਕੇ ਚਾਰਾਂ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਮਲੇ ਵਿੱਚ ਤੇਜ਼ਧਾਰ ਹਥਿਆਰਾਂ ਅਤੇ ਲੋਹੇ ਦੀਆਂ ਰਾਡਾਂ ਦੀ ਵਰਤੋਂ ਕੀਤੀ ਗਈ। ਚਾਰੇ ਸ਼ਰਧਾਲੂਆਂ ਨੂੰ ਜ਼ਖਮੀ ਕਰਨ ਤੋਂ ਬਾਅਦ ਫੋਟੋਗ੍ਰਾਫਰ ਫਰਾਰ ਹੋ ਗਏ। ਪੁਲਿਸ ਨੂੰ ਤੁਰੰਤ ਘਟਨਾ ਦੀ ਸੂਚਨਾ ਦਿੱਤੀ ਗਈ।